ਰੰਜ਼ਿਸ਼ ਤਹਿਤ ਦੁਕਾਨਦਾਰ ’ਤੇ ਚਾਕੂ ਨਾਲ ਕੀਤਾ ਹਮਲਾ

11/10/2021 1:25:04 PM

ਚੰਡੀਗੜ੍ਹ (ਸੁਸ਼ੀਲ) : ਪੰਚਕੂਲਾ ਸਥਿਤ ਰਾਜੀਵ ਕਾਲੋਨੀ ਦੇ ਚਾਰ ਨੌਜਵਾਨਾਂ ਨੇ ਕੁੱਟਮਾਰ ਦਾ ਬਦਲਾ ਲੈਣ ਲਈ ਮੌਲੀਜਾਗਰਾਂ ’ਚ ਦੁਕਾਨਦਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਦੁਕਾਨਦਾਰ ਦੇ ਪੱਟ ’ਚ ਚਾਕੂ ਮਾਰ ਕੇ ਫ਼ਰਾਰ ਹੋ ਗਏ। ਪੁਲਸ ਨੇ ਲਹੂ-ਲੁਹਾਨ ਹਾਲਤ ’ਚ ਦੁਕਾਨਦਾਰ ਨੂੰ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਆਪਰੇਸ਼ਨ ਕਰ ਕੇ ਦੁਕਾਨਦਾਰ ਦੇ ਪੱਟ ’ਚੋਂ ਚਾਕੂ ਕੱਢਿਆ। ਜ਼ਖ਼ਮੀ ਦੁਕਾਨਦਾਰ ਦੀ ਪਛਾਣ ਮੌਲੀ ਕੰਪਲੈਕਸ ਵਾਸੀ ਰਵਿੰਦਰ ਦੇ ਰੂਪ ’ਚ ਹੋਈ।

ਮੌਲੀਜਾਗਰਾਂ ਥਾਣਾ ਪੁਲਸ ਨੇ ਰਵਿੰਦਰ ਦੀ ਸ਼ਿਕਾਇਤ ’ਤੇ ਹਮਲਾਵਾਰ ਪੰਚਕੂਲਾ ਸੈਕਟਰ-17 ਦੀ ਰਾਜੀਵ ਕਾਲੋਨੀ ਨਿਵਾਸੀ ਅਕਸ਼ੈ, ਨਿਖਿਲ ਉਰਫ਼ ਮੋਹਿਤ, ਸੁਸ਼ੀਲ ਕੁਮਾਰ ਅਤੇ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਵਿੰਦਰ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀ ਅਕਸ਼ੈ ਨਾਲ ਕੁੱਟਮਾਰ ਹੋਈ ਸੀ।

6 ਨਵੰਬਰ ਨੂੰ ਉਹ ਘਰ ਜਾ ਰਿਹਾ ਸੀ ਕਿ ਜਦੋਂ ਮਕਾਨ ਨੰਬਰ 2487 ਕੋਲ ਪਹੁੰਚਿਆ ਤਾਂ ਅਕਸ਼ੈ ਨੇ ਆਪਣੇ ਚਾਰ ਸਾਥੀਆਂ ਦੇ ਨਾਲ ਉਸ ਦਾ ਰਸਤਾ ਰੋਕ ਲਿਆ ਅਤੇ ਅਕਸ਼ੈ, ਨਿਖ਼ਿਲ ਉਰਫ਼ ਮੋਹਿਤ, ਸੁਸ਼ੀਲ ਕੁਮਾਰ ਅਤੇ ਰਾਹੁਲ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਨੌਜਵਾਨ ਨੇ ਚਾਕੂ ਰਵਿੰਦਰ ਦੀ ਪੱਟ ’ਚ ਮਾਰ ਦਿੱਤਾ ਅਤੇ ਫ਼ਰਾਰ ਹੋ ਗਏ।
 

Babita

This news is Content Editor Babita