ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਕਿਸਾਨਾਂ ਦੀ ‘ਗਰਜ਼’ ਬਰਕਰਾਰ

04/08/2021 12:32:12 AM

ਸੁਲਤਾਨਪੁਰ ਲੋਧੀ (ਧੀਰ)-ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਕਾਲੇ ਖੇਤੀਬਾੜੀ ਕਾਨੂੰਨ ਰੱਦ ਨਾ ਕਰਨ ਦੇ ਅੜੀਅਲ ਰਵੱਈਏ ਅੱਗੇ ‘ਗਰਜ਼’ ਬਰਕਰਾਰ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਤੇ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਉਹ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਨਹੀਂ ਝੁਕਣਗੇ ਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਪਰਤਣਗੇ।
ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪਰਮਜੀਤ ਸਿੰਘ ਬਾਊਪੁਰ ਨੇ ਦਿੱਲੀ ਲਈ ਕਿਸਾਨਾਂ ਦੇ ਜਥੇ ਨੂੰ ਰਵਾਨਾ ਕਰਨ ਮੌਕੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਉਪਰੰਤ ਕਿਹਾ ਕਿ ਅੱਜ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਰੈਲੀਆਂ ਕਰ ਰਿਹਾ ਹੈ ਤੇ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਿਹਾ ਹੈ, ਇਹ ਉਹੀ ਸੁਖਬੀਰ ਬਾਦਲ ਹੈ, ਜਿਸ ਨੇ ਪਹਿਲਾਂ ਭਾਜਪਾ ਨਾਲ ਗੱਠਜੋੜ ਮੌਕੇ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਤੇ ਬੀਬਾ ਹਰਸਿਮਰਤ ਬਾਦਲ ਨੇ ਲੋਕ ਸਭਾ ’ਚ ਬਤੌਰ ਕੈਬਨਿਟ ਮੰਤਰੀ ਹੁੰਦੇ ਇਸ ਨੂੰ ਪਾਸ ਕਰਨ ’ਚ ਮਦਦ ਕੀਤੀ।
ਉਨ੍ਹਾਂ ਕਿਸਾਨਾਂ ਨੂੰ ਰੈਲੀਆਂ ਦੀ ਬਜਾਏ ਦਿੱਲੀ ਸੰਘਰਸ਼ ’ਚ ਚੱਲਣ ਲਈ ਪ੍ਰੇਰਿਆ ਤੇ ਕਿਹਾ ਕਿ ਆਓ ਸਾਰੇ ਰਲ ਕੇ ਦਿੱਲੀ ’ਚ ਮੋਦੀ ਸਰਕਾਰ ਨੂੰ ਇਕਜੁੱਟਤਾ ਵਿਖਾ ਕੇ ਆਪਣੀ ਤਾਕਤ ਵਿਖਾਈਏ, ਨਾ ਕਿ ਬਾਦਲਾਂ ਜਾਂ ਕੇਜਰੀਵਾਲ ਦੀਆਂ ਰੈਲੀ ’ਚ ਜਾ ਕੇ।

ਇਹ ਵੀ ਪੜ੍ਹੋ-ਜਲੰਧਰ ਵਿਚ ਕੋਰੋਨਾ ਕਾਰਣ 4 ਦੀ ਮੌਤ, 345 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮਈ ਦੇ ਪਹਿਲੇ ਹਫਤੇ ਸੰਸਦ ਘੇਰਣ ਬਾਰੇ ਕਿਹਾ ਗਿਆ ਹੈ, ਉਸ ਵਿਚ ਵੱਡੀ ਗਿਣਤੀ ’ਚ ਕਿਸਾਨ ਸ਼ਮੂਲੀਅਤ ਕਰਨਗੇ ਤੇ ਮੋਰਚੇ ’ਤੇ ਹਰੇਕ ਸੱਦੇ ’ਤੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਏਕਤਾ ਦਾ ਸਬੂਤ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਕਰ ਕੇ ਹੀ ਮੂੰਹ ਤੋੜ ਜਵਾਬ ਦੇਣਾ ਹੈ।
ਕਿਸਾਨ ਆਗੂ ਕੁਲਦੀਪ ਸਾਗਰਾਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਵੀ ਚੜ੍ਹਦੀ ਕਲਾ ’ਚ ਰੱਖਣ ਲਈ ਹਰੇਕ ਵਿਧਾਨ ਸਭਾ ਹਲਕੇ ਤੋਂ ਪੰਚਾਇਤਾਂ ਦਿੱਲੀ ਸੰਘਰਸ਼ ਲਈ ਸ਼ਮੂਲੀਅਤ ਕਰਨਗੀਆਂ ਕਿਉਂਕਿ ਪੰਜਾਬ ਤੇ ਹਰਿਆਣਾ ’ਚ ਕਣਕ ਦੀ ਵਾਢੀ ਕਰਨ ਲਈ ਸੰਘਰਸ਼ ’ਚੋਂ ਕਿਸਾਨਾਂ ਨੂੰ ਆਪੋ-ਆਪਣੇ ਪਿੰਡਾਂ ’ਚ ਵਾਪਸ ਪਰਤਣਾ ਪਵੇਗਾ ਤਾਂ ਇਸ ਨੂੰ ਧਿਆਨ ’ਚ ਰੱਖਦਿਆਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨੀ ਸੰਘਰਸ਼ ’ਚ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗਰੁੱਪ ਬਣਾ ਕੇ ਭੇਜੇ ਜਾਣਗੇ।
ਇਸ ਮੌਕੇ ਪ੍ਰਤਾਪ ਸਿੰਘ, ਕਾਰਜ ਸਿੰਘ, ਮੇਜਰ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਵੰਤ ਸਿੰਘ, ਨਿਹਾਲ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਸੁਖਚੈਨ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Sunny Mehra

This news is Content Editor Sunny Mehra