ਕਿਸ ਡੇਅ : ਐਸੀ ਤੇਰੇ ਇਸ਼ਕੇ ਦੀ ਲੋਰ ਵੇ ਸੱਜਣਾਂ, ਮੇਰੇ ਹਾਸਿਆਂ ’ਚ ਤੂੰ ਮੁਸ਼ਕਾਵੇ!

02/13/2020 9:59:41 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ‘‘ਐਸੀ ਤੇਰੇ ਇਸ਼ਕੇ ਦੀ ਲੋਰ ਵੇ ਸੱਜਣਾਂ, ਮੇਰੇ ਹਾਸਿਆਂ ’ਚ ਤੂੰ ਮੁਸ਼ਕਾਵੇ! ਜਦੋਂ-ਜਦੋਂ ਮੈਂ ਸਾਹ ਹਾਂ ਲੈਂਦੀ ਤੇਰੇ ਸਾਹਾਂ ਦੀ ਖੁਸ਼ਬੂ ਆਵੇ।’’ ਵੈਲੇਨਟਾਈਨ ਵੀਕ ਹੁਣ ਆਪਣੇ ਆਖਰੀ ਦਿਨਾਂ ’ਚ ਹੈ। ਵੈਲੇਨਟਾਈਨ ਡੇਅ ਤੋਂ ਸਿਰਫ ਇਕ ਦਿਨ ਪਹਿਲਾਂ ਆਉਂਦਾ ਹੈ ਕਿਸ ਡੇਅ। ਇਹ ਡੇਅ ਦੁਨੀਆ ਭਰ ’ਚ ਵੱਖ-ਵੱਖ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਪਾਰਟਨਰ ਦਾ ਪਿਆਰ ਨਾਲ ਹੱਥ ’ਚ ਹੱਥ ਫੜਿਆ ਹੋਵੇ ਜਾਂ ਫਿਰ ਮੋਢੇ ’ਤੇ ਸਿਰ ਰੱਖਣਾ ਸਭ ਪਿਆਰ ਦਾ ਇਜ਼ਹਾਰ ਕਰਨ ਦੇ ਵੱਖ-ਵੱਖ ਅੰਦਾਜ਼ ਹਨ। ਇਕ ਪਿਆਰ ਭਰੀ ਕਿਸ ਨਾ ਸਿਰਫ ਤੁਹਾਡੀ ਫੀਲਿੰਗਜ਼ ਦੇ ਇਜ਼ਹਾਰ ਦਾ ਪਿਆਰਾ ਜਿਹਾ ਜ਼ਰੀਆ ਹੈ ਬਲਕਿ ਤੁਹਾਡੀ ਹੈਲਥ ਨਾਲ ਸਬੰਧਤ ਕਈ ਸਮੱਸਿਆਵਾਂ ਨੂੰ ਹੱਲ ਕਰਨ ’ਚ ਵੀ ਮਦਦਗਾਰ ਹੁੰਦਾ ਹੈ। ਇਹੀ ਨਹੀਂ, ਕਿਸ ਹਾਰਟ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ। ਕਿਸ ਡੇਅ ਸਬੰਧੀ ਲੋਕਾਂ ਨੂੰ ਇਸ ’ਚ ਅਸ਼ਲੀਲਤਾ ਝਲਕਦੀ ਦਿਖਾਈ ਦਿੰਦੀ ਹੈ ਪਰ ਲੋਕ ਇਸਨੂੰ ਆਪਸੀ ਪ੍ਰੇਮ ਅਤੇ ਮੇਲ ਮਿਲਾਪ ਨੂੰ ਲੈ ਕੇ ਦੇਖਣ ਤਾਂ ਇਸ ਦੇ ਮਾਇਨੇ ਆਪਣੇ ਆਪ ਬਦਲਦੇ ਦਿਖਾਈ ਦਿੰਦੇ ਹਨ। ਇਸ ਦਿਨ ਨੂੰ ਲੈ ਕੇ ਜਿਥੇ ਨੌਜਵਾਨ ਵਰਗ ਬਹੁਤ ਉਤਸ਼ਾਹਤ ਹੈ, ਉਥੇ ਹੀ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇਕਰ ਇਸ ਦਿਨ ਨੂੰ ਭਾਰਤੀ ਸੱਭਿਅਤਾ ਅਨੁਸਾਰ ਮਨਾਇਆ ਜਾਵੇ ਤਾਂ ਇਸ ਦਾ ਇਕ ਨਵਾਂ ਰੂਪ ਸਾਹਮਣੇ ਆਵੇਗਾ ਅਤੇ ਜੋ ਲੋਕ ਵੈਲੇਨਟਾਈਨ ਦਾ ਵਿਰੋਧ ਕਰਦੇ ਹਨ, ਉਹ ਸੋਚਣ ਲਈ ਮਜਬੂਰ ਹੋ ਸਕਦੇ ਹਨ।

ਛੋਟੇ ਭਰਾ ਨੇ ਵੱਡੇ ਭਰਾ ਨੂੰ ਕਿਸ ਦੇ ਕੇ ਮਨਾਇਆ ਕਿਸ ਡੇਅ
ਕਿਸ ਡੇਅ ਨੂੰ ਲੈ ਕੇ ਜਿਥੇ ਮਾਂ ਵੱਲੋਂ ਆਪਣੇ ਬੇਟੇ ਅਤੇ ਬੇਟੀਆਂ ਦੇ ਮੱਥੇ ’ਤੇ ਚੁੰਬਣ ਦੇ ਕੇ ਉਨ੍ਹਾਂ ਦੀ ਉੱਨਤੀ ਦੀ ਕਾਮਨਾ ਕੀਤੀ ਗਈ, ਉਥੇ ਹੀ ਛੋਟੇ ਬੱਚੇ ਹੇਮਾਂਸ਼ ਨੇ ਆਪਣੇ ਵੱਡੇ ਭਰਾ ਜੀਵੀਤੇਸ਼ ਨੂੰ ਪਿਆਰ ਭਰੀ ਕਿਸ ਕਰ ਕੇ ਦੁਨੀਆ ਨੂੰ ਪਿਆਰ ਦੀ ਸਹੀ ਪਰਿਭਾਸ਼ਾ ਦੱਸੀ।

ਮਰਿਆਦਾ ’ਚ ਰਹਿ ਕੇ ਮਨਾਓ ਕਿਸ ਡੇਅ
ਵੈਲੇਨਾਈਨ ਡੇਅ ਤੋਂ ਇਕ ਦਿਨ ਪਹਿਲਾਂ ਮਨਾਏ ਜਾਣ ਵਾਲੇ ਕਿਸ ਡੇਅ ਨੂੰ ਲੈ ਕੇ ਹਰ ਉਮਰ ਵਰਗ ਦੇ ਲੋਕਾਂ ’ਚ ਕਾਫੀ ਜੋਸ਼ ਹੈ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਕਿਸ ਕਰ ਸਕਦੇ ਹਨ। ਕੁਝ ਨੇ ਦੱਸਿਆ ਕਿ ਵੈਲੇਨਟਾਈਨ ਵੀਕ ਦੌਰਾਨ ਉਨ੍ਹਾਂ ਨੇ ਹਰ ਦਿਨ ਨੂੰ ਆਪਣੇ ਪਰਿਵਾਰ ਨਾਲ ਮਨਾਇਆ। ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਨੂੰ ਕੁਝ ਤੋਹਫੇ ਦਿੱਤੇ। ਨੀਟੂ ਢੀਂਗਰਾ ਨੇ ਕਿਹਾ ਕਿ ਵੈਸੇ ਵੀ ਪਿਆਰ ਲਈ ਮੁੰਡੇ-ਕੁੜੀ ਦੇ ਪਿਆਰ ਦਾ ਹੋਣਾ ਜ਼ਰੂਰੀ ਨਹੀਂ ਹੈ।

ਕਿਸ ਦਾ ਮਹੱਤਵ
ਕਿਸ ਵੈਸੇ ਤਾਂ ਰੋਮਾਂਸ ਦਾ ਹਿੱਸਾ ਹੀ ਹੈ ਪਰ ਇਸਦੇ ਸਿਹਤ ਪ੍ਰਤੀ ਲਾਭ ਵੀ ਹੁੰਦੇ ਹਨ। ਡਾਕਟਰਾਂ ਅਨੁਸਾਰ ਇਕ ਰੋਮਾਂਟਿਕ ਕਿਸ ਤਣਾਅ ਘਟਾਉਣ ’ਚ ਵੀ ਮਦਦ ਕਰਦੀ ਹੈ ਅਤੇ ਕੈਲੋਸਟਰੋਲ ਨੂੰ ਵੀ ਘਟਾਉਂਦਾ ਹੈ। ਚੁੰਬਣ ਇਕ ਸੁਭਾਵਿਕ ਕ੍ਰਿਆ ਹੈ। ਇਕ ਮਾਂ ਆਪਣੇ ਬੱਚਿਆਂ ਨੂੰ ਮਮਤਾ ਭਾਵ ਨਾਲ ਚੁੰਮਦੀ ਹੈ। ਪਿਤਾ ਆਪਣੇ ਬੱਚਿਆਂ ਨੂੰ ਪ੍ਰੇਮ ਨਾਲ ਚੁੰਮ ਕੇ ਉਨ੍ਹਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਂਦਾ ਹੈ। ਪਤੀ-ਪਤਨੀ ਦਾ ਚੁੰਬਣ ਉਨ੍ਹਾਂ ਦੇ ਆਪਸੀ ਲਗਾਅ ਅਤੇ ਪਿਆਰ ਨੂੰ ਪ੍ਰਗਟ ਕਰਦਾ ਹੈ। ਇਸ ਪਿਆਰ ਦੇ ਅਹਿਸਾਸ ਨਾਲ ਉਹ ਜੀਵਨ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦਾ ਵਚਨ ਲੈਂਦੇ ਹਨ। ਦੇਖਿਆ ਜਾਵੇ ਤਾਂ ਹਰ ਰਿਸ਼ਤੇ ’ਚ ਚੁੰਬਣ ਦੇ ਵੱਖ-ਵੱਖ ਅਰਥ ਹੁੰਦੇ ਹਨ ਪਰ ਹਰ ਰਿਸ਼ਤੇ ਵਿਚ ਚੁੰਬਣ ਕਰਨ ਦਾ ਮੁੱਖ ਟੀਚਾ ਪਿਆਰ ਪ੍ਰਗਟ ਕਰਨਾ ਹੀ ਹੁੰਦਾ ਹੈ।

rajwinder kaur

This news is Content Editor rajwinder kaur