ਕਿਸਾਨ ਸੰਘਰਸ਼ ਕਮੇਟੀ ਨੇ ਦਿੱਤਾ ਧਰਨਾ

09/15/2017 7:13:33 AM

ਸੁਲਤਾਨਪੁਰ ਲੋਧੀ, (ਧੀਰ)- ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨ ਆਗੂ ਕੁਲਵੰਤ ਸਿੰਘ ਭੈਣੀ, ਸੁਖਦੇਵ ਸਿੰਘ ਬਾਊਪੁਰ ਤੇ ਗੁਰਚਰਨ ਸਿੰਘ ਆਹਲੀ ਦੀ ਅਗਵਾਈ ਹੇਠ ਤਹਿਸੀਲਦਾਰ ਵਲੋਂ ਕਿਸਾਨਾਂ ਨਾਲ ਕੀਤੇ ਵਤੀਰੇ ਵਿਰੁੱਧ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤਪੁਰ ਸਿੰਘ ਬਾਊਪੁਰ ਤੇ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਮੰਡ ਖੇਤਰ ਦੀਆਂ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਤਿੰਨ ਪੀੜ੍ਹੀਆਂ ਨੇ ਮਿਹਨਤ ਕਰਕੇ ਆਬਾਦ ਕੀਤੀਆਂ ਹਨ, ਉਨ੍ਹਾਂ ਦੇ ਮਾਲਕੀ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਪਰ ਤਹਿਸੀਲਦਾਰ ਵਲੋਂ ਉਨ੍ਹਾਂ ਨੂੰ ਜ਼ਮੀਨ ਖੋਹਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਸਰਕਾਰ ਵਲੋਂ ਕਿਸਾਨਾਂ ਨਾਲ ਉਨ੍ਹਾਂ ਨੂੰ ਮਾਲਕੀ ਹੱਕ ਦੇਣ ਦੇ ਵਾਅਦੇ ਕੀਤੇ ਹਨ ਤੇ ਕਈ ਕਿਸਾਨਾਂ ਨੂੰ ਇਹ ਜ਼ਮੀਨਾਂ ਅਲਾਟ ਵੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਜ਼ਮੀਨਾਂ ਕਿਸਾਨਾਂ ਨੂੰ ਅਲਾਟ ਕੀਤੀਆਂ ਹਨ। ਉਨ੍ਹਾਂ ਦੇ ਮਾਲਕੀ ਹੱਕ ਲੈਣ ਲਈ ਜੋ ਵੀ ਸੰਘਰਸ਼ ਕਰਨਾ ਪਿਆ ਉਹ ਲੈਣ ਲਈ ਆਪਣੇ ਪਰਿਵਾਰਾਂ ਸਮੇਤ ਜੂਝਣ ਲਈ ਤਿਆਰ ਹਨ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਉਹ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਕਰਮਜੀਤ ਸਿੰਘ ਤਲਵੰਡੀ ਇੰਦਰਜੀਤ ਸਿੰਘ ਕੋਟਬੁੱਢ, ਸਰਵਨ ਸਿੰਘ ਬਾਊਪੁਰ, ਇੰਦਰ ਸਿੰਘ, ਮਿੱਠਾ ਸਿੰਘ, ਬੁੱਧ ਸਿੰਘ ਰੂੜੀਵਾਲਾ, ਹਰਜੀਤ ਸਿੰਘ ਜੌਹਲ, ਕਾਬਲ ਸਿੰਘ ਵਰਿਆਂਹ, ਲਖਵਿੰਦਰ ਸਿੰਘ ਬਾਊਪੁਰ, ਬਲਵੰਤ ਸਿੰਘ, ਗੁਰਮੀਤ ਸਿੰਘ ਮੁਹੰਮਦਾਬਾਦ, ਵਿਰਸਾ ਸਿੰਘ ਬੰਦੂ ਕਦੀਮ, ਗੁਰਪ੍ਰੀਤ ਸਿੰਘ ਮੰਡ ਮੁਬਾਰਕਪੁਰ, ਅਮਰੀਕ ਸਿੰਘ ਬਾਊਪੁਰ, ਬਾਜ ਸਿੰਘ ਬੂਲੇ, ਦਵਿੰਦਰ ਸਿੰਘ ਬੂਲੇ, ਜਰਨੈਲ ਸਿੰਘ ਪੱਸਣ ਕਦੀਮ ਆਦਿ ਹਾਜ਼ਰ ਸਨ। 
ਕੀ ਕਹਿੰਦੇ ਹਨ ਤਹਿਸੀਲਦਾਰ- ਤਹਿਸੀਲਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਖੁਦ ਕਿਸਾਨ ਹਨ ਤੇ ਕਿਸਾਨ ਭਰਾਵਾਂ ਦਾ ਸਤਿਕਾਰ ਕਰਦੇ ਹਨ ਤੇ ਹਮੇਸ਼ਾ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਦੇਰ ਸ਼ਾਮ 5.30 ਵਜੇ ਕਿਸਾਨਾਂ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨੇ ਸਬੰਧੀ ਅਗਲੀ ਰੂਪ-ਰੇਖਾ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।