ਆਪਣੀਆਂ ਮੰਗਾਂ ਲਈ ਕਿਸਾਨਾਂ ਨੇ ਡੀ. ਸੀ. ਦਫਤਰ ਮੂਹਰੇ ਲਾਏ ਪੱਕੇ ਡੇਰੇ

09/26/2019 1:00:01 PM

ਲੁਧਿਆਣਾ (ਨਰਿੰਦਰ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਇਸ ਨੂੰ ਲੈ ਕੇ ਪੰਜਾਬ ਭਰ 'ਚ ਯੂਨੀਅਨ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਲੁਧਿਆਣਾ ਦੇ ਡੀ. ਸੀ. ਦਫਤਰ ਅੱਗੇ ਕਿਸਾਨਾਂ ਨੇ ਪੱਕੇ ਡੇਰੇ ਲਾ ਲਏ ਹਨ। ਬੀਤੀ ਰਾਤ ਵੀ ਉਨ੍ਹਾਂ ਨੇ ਡੀ. ਸੀ. ਦਫ਼ਤਰ ਅੱਗੇ ਹੀ ਕੱਟੀ ਅਤੇ ਲੰਗਰ ਅਤੇ ਚਾਹ ਵੀ ਕਿਸਾਨ ਨਾਲ ਹੀ ਲੈ ਕੇ ਆਏ ਸਨ। 27 ਸਤੰਬਰ ਤੱਕ ਕਿਸਾਨ ਦਿਨ-ਰਾਤ ਡੀ. ਸੀ. ਦਫਤਰ ਅੱਗੇ ਪ੍ਰਸ਼ਾਸਨ ਦੇ ਖ਼ਿਲਾਫ਼ ਮੁਜ਼ਾਹਰੇ ਦੇਣਗੇ ਅਤੇ ਆਪਣੀਆਂ ਮੰਗਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ।
ਲੁਧਿਆਣਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ, ਅਵਾਰਾ ਪਸ਼ੂਆਂ ਤੋਂ ਛੁਟਕਾਰਾ, ਛੋਟੇ ਕਿਸਾਨਾਂ ਨੂੰ ਮੁਫ਼ਤ ਪਾਣੀ ਦੀ ਸਹੂਲਤ, ਅਤੇ 10 ਏਕੜ ਤੱਕ ਦੇ ਕਿਸਾਨਾਂ ਦੀ ਪੂਰਾ ਕਰਜ਼ਾ ਮੁਆਫ਼ੀ ਨੂੰ ਲੈ ਕੇ ਉਨ੍ਹਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਾ ਥੋੜ੍ਹਾ ਕਰਜ਼ਾ ਮੁਆਫ਼ ਕੀਤਾ ਹੈ, ਉਨ੍ਹਾਂ ਦਾ ਪੂਰਨ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪੁੱਜਿਆ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਡੀ. ਸੀ. ਦਫ਼ਤਰ ਦੇ ਬਾਹਰ ਪੱਕਾ ਡੇਰਾ ਲਾ ਲਿਆ ਗਿਆ ਹੈ ਅਤੇ ਅਗਲੀਆਂ ਦੋ ਰਾਤਾਂ ਵੀ ਉਨ੍ਹਾਂ ਨੇ ਡੀ. ਸੀ. ਦਫ਼ਤਰ ਅੱਗੇ ਹੀ ਕੱਟਣ ਦਾ ਫੈਸਲਾ ਕੀਤਾ ਹੈ ਅਤੇ ਯੂਨੀਅਨ ਦੀ ਮੀਟਿੰਗ ਤੋਂ ਬਾਅਦ ਉਹ ਸਰਕਾਰ ਖਿਲਾਫ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਨਗੇ।


Babita

Content Editor

Related News