ਚੰਡੀਗੜ੍ਹ ਸੀਟ ਫਿਰ 'ਕਿਰਨ ਖੇਰ' ਦੀ ਝੋਲੀ 'ਚ, ਲੱਗੇ 'ਹਰ ਹਰ ਮੋਦੀ' ਦੇ ਨਾਅਰੇ

05/23/2019 6:10:20 PM

ਚੰਡੀਗੜ੍ਹ (ਭਗਵਤ, ਰਾਜਿੰਦਰ) : ਚੰਡੀਗੜ੍ਹ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਇਕ ਵਾਰ ਫਿਰ ਜੇਤੂ ਰਹੀ ਹੈ। ਕਿਰਨ ਖੇਰ ਨੇ 27913 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਹਰਾ ਦਿੱਤਾ ਹੈ। ਕਿਰਨ ਖੇਰ ਨੂੰ 171010 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਪਵਨ ਕੁਮਾਰ ਬਾਂਸਲ 143097 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੂੰ 10419 ਵੋਟਾਂ ਹਾਸਲ ਹੋਈਆਂ ਹਨ। ਕਿਰਨ ਖੇਰ ਦੀ ਜਿੱਤ ਨਾਲ ਭਾਜਪਾ 'ਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਢੋਲ ਦੀ ਥਾਪ 'ਤੇ ਭੰਗੜੇ ਪੈ ਰਹੇ ਹਨ। ਕਿਰਨ ਖੇਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਤਾਂ ਲੱਗ ਗਿਆ ਹੈ ਅਤੇ ਪੂਰੇ ਸ਼ਹਿਰ 'ਚ 'ਹਰ ਹਰ ਮੋਦੀ' ਦੇ ਨਾਅਰੇ ਲੱਗ ਰਹੇ ਹਨ।


ਜਾਣੋ ਸਿਆਸੀ ਜ਼ਿੰਦਗੀ ਬਾਰੇ
ਕਿਰਨ ਖੇਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ਨੇ 2011 ਦੀਆਂ ਨਗਰ ਨਿਗਮ ਚੋਣਾਂ ਲਈ ਚੰਡੀਗੜ੍ਹ ਸਮੇਤ ਕਈ ਹੋਰ ਚੋਣਾਂ ਦੌਰਾਨ ਪੂਰੇ ਦੇਸ਼ 'ਚ ਪਾਰਟੀ ਲਈ ਪ੍ਰਚਾਰ ਕੀਤਾ ਹੈ। ਭਾਜਪਾ ਨੇ ਉਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਪਾਰਟੀ ਦੇ ਭਰੋਸੇ ਨੂੰ ਕਾਇਮ ਰੱਖਿਆ। ਇਨ੍ਹਾਂ ਚੋਣਾਂ 'ਚ ਕਿਰਨ ਖੇਰ ਨੇ ਕਾਂਗਰਸ ਦੇ ਕੱਦਵਾਰ ਨੇਤਾ ਪਵਨ ਬਾਂਸਲ ਨੂੰ ਹਰਾ ਕੇ ਭਾਜਪਾ ਨੂੰ ਇੱਥੋਂ ਜਿੱਤ ਦੁਆਈ ਸੀ। ਕਿਰਨ ਖੇਰ ਨੂੰ 42.20 ਫੀਸਦੀ ਵੋਟ ਸ਼ੇਅਰ ਦੇ ਨਾਲ 1,91,362 ਵੋਟਾਂ ਮਿਲੀਆਂ ਸਨ, ਜਦੋਂ ਕਿ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਨੂੰ 26.84 ਫੀਸਦੀ ਵੋਟ ਸ਼ੇਅਰ ਨਾਲ 1,21,270 ਵੋਟਾਂ ਹਾਸਲ ਹੋਈਆਂ ਸਨ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਰਹੀ ਸੀ, ਜਿਸ ਨੂੰ 1,08,679 ਵੋਟਾਂ ਮਿਲੀਆਂ ਸਨ। 


ਸਭ ਨੂੰ ਨਾਲ ਲੈ ਕੇ ਚੱਲਣਾ ਸੀ ਵੱਡੀ ਚੁਣੌਤੀ
ਕਿਰਨ ਖੇਰ ਲਈ ਸ਼ਹਿਰ 'ਚ ਸਭ ਤੋਂ ਵੱਡੀ ਚੁਣੌਤੀ ਧੜਿਆਂ 'ਚ ਵੰਡੀ ਪਾਰਟੀ ਨੂੰ ਇਕੱਠੇ ਲੈ ਕੇ ਚੱਲਣ ਦੀ ਸੀ। ਉਨ੍ਹਾਂ ਲਈ ਮੁਸ਼ਕਲ ਇਹ ਵੀ ਸੀ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਉਨ੍ਹਾਂ ਦਾ ਪ੍ਰਚਾਰ ਵੀ ਸਿਖਰਾਂ 'ਤੇ ਸੀ ਪਰ ਫਿਰ ਵੀ ਕਿਰਨ ਖੇਰ ਨੇ ਆਪਣਾ ਦਮ ਦਿਖਾ ਹੀ ਦਿੱਤਾ।

Babita

This news is Content Editor Babita