ਦਮਦਾਰ ਅਦਾਕਾਰਾ ਕਿਰਨ ਖੇਰ ਦਾ ਜਾਣੋ ਸਿਆਸੀ ਪਿਛੋਕੜ

04/23/2019 9:32:45 PM

ਜਲੰਧਰ,(ਵੈਬ ਡੈਸਕ): ਭਾਜਪਾ ਵਲੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਕਿਰਨ ਖੇਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਕਿਰਨ ਖੇਰ ਬਾਲੀਵੁੱਡ ਅਭਿਨੇਤਰੀ ਵੀ ਹੈ, ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਭਾਜਪਾ 'ਚ ਸ਼ਾਮਲ ਹੋ ਕੇ ਕੀਤਾ। 

ਜਾਣੋ ਕੀ ਹੈ ਕਿਰਨ ਖੇਰ ਦਾ ਪਿਛੋਕੜ
ਕਿਰਨ ਦਾ ਜਨਮ 14 ਜੂਨ 1955 ਨੂੰ ਪੰਜਾਬ 'ਚ ਹੋਇਆ ਸੀ, ਉਨ੍ਹਾਂ ਦੇ ਬਚਪਨ ਦਾ ਨਾਮ ਕਿਰਨ ਠਾਕੁਰ ਸਿੰਘ ਸੀ। ਕਿਰਨ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਚਲਾ ਗਿਆ, ਜਿਥੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ। ਕਿਰਨ ਨੇ ਆਪਣੀ ਸ਼ੁਰੂਆਤੀ ਸਿੱਖਿਆ ਚੰਡੀਗੜ੍ਹ ਤੋਂ ਹਾਸਲ ਕੀਤੀ ਤੇ ਚੰਡੀਗੜ੍ਹ ਦੇ ਹੀ ਇੰਡੀਅਨ ਥਿਏਟਰ ਆਫ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਕਿਰਨ ਦਾ ਵਿਆਹ ਮੁੰਬਈ 'ਚ ਰਹਿਣ ਵਾਲੇ ਉਦਯੋਗਪਤੀ ਗੌਤਮ ਬੇਰੀ ਦੇ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਮ ਸਿੰਕਦਰ ਹੈ। ਹਾਲਾਂਕਿ ਜਲਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਜਿਸ ਸਾਲ (1985) 'ਚ ਕਿਰਨ ਤੇ ਗੌਤਮ ਦਾ ਤਲਾਕ ਹੋਇਆ, ਉਸ ਸਾਲ ਹੀ ਕਿਰਨ ਦਾ ਵਿਆਹ ਫਿਲਮ ਅਭਿਨੇਤਾ ਅਨੁਪਮ ਖੇਰ ਨਾਲ ਹੋਇਆ।

2009 'ਚ ਰੱਖਿਆ ਸਿਆਸਤ 'ਚ ਕਦਮ
ਕਿਰਨ ਖੇਰ ਨੇ ਸਾਲ 2009 'ਚ ਭਾਜਪਾ 'ਚ ਸ਼ਾਮਲ ਹੋ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਿਰਨ ਖੇਰ ਇਕ ਭਾਰਤੀ ਅਭਿਨੇਤਰੀ ਤੇ ਸਿਆਸੀ ਆਗੂ ਹੈ ਤੇ ਉਹ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਵੀ ਹੈ। ਸਾਲ 2014 'ਚ ਲੋਕਸਭਾ ਚੋਣਾਂ 'ਚ ਹਿੱਸਾ ਲੈਂਦੇ ਹੋਏ ਕਿਰਨ ਖੇਰ ਨੇ ਸਰਗਰਮ ਰਾਜਨੀਤੀ 'ਚ ਕਦਮ ਰੱਖਿਆ। ਇਸ ਦੌਰਾਨ ਭਾਜਪਾ ਵਲੋਂ ਟਿਕਟ 'ਤੇ ਉਨ੍ਹਾਂ ਨੇ ਚੰਡੀਗੜ੍ਹ ਤੋਂ ਚੋਣ ਲੜੀ ਤੇ ਕਾਂਗਰਸ ਉਮੀਦਵਾਰ ਪਵਨ ਬਾਂਸਲ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦੇਸ਼ ਭਰ 'ਚ ਪਾਰਟੀ ਲਈ ਪ੍ਰਚਾਰ ਵੀ ਕੀਤਾ। 2011 'ਚ ਚੰਡੀਗੜ੍ਹ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ ਉਨ੍ਹਾਂ ਨੇ ਪਾਰਟੀ ਲਈ ਅਹਿਮ ਰੋਲ ਨਿਭਾਇਆ।

ਇਸ ਤੋਂ ਇਲਾਵਾ ਕਿਰਨ ਖੇਰ ਕਈ ਸਾਲਾਂ ਤੋਂ ਸਮਾਜਿਕ ਕੰਮਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਭਰੁਣ ਹੱਤਿਆ ਖਿਲਾਫ ਚਲਾਈ ਗਈ ਮੁਹਿੰਮ 'ਲਾਡਲੀ' 'ਚ ਅਹਿਮ ਭੂਮਿਕਾ ਵੀ ਨਿਭਾਈ ਸੀ। ਇਸ ਦੇ ਨਾਲ ਹੀ ਉਹ ਕੈਂਸਰ ਖਿਲਾਫ ਚਲਾਈ ਗਈ ਮੁਹਿੰਮ 'ਰੋਕੋ ਕੈਂਸਰ' ਨਾਲ ਵੀ ਜੁੜੀ ਰਹੀ ਹੈ। 2011 'ਚ ਅੰਨਾ ਹਜ਼ਾਰੇ ਵਲੋਂ ਚਲਾਏ ਗਏ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ 'ਚ ਵੀ ਖੇਰ ਨੇ ਹਿੱਸਾ ਲਿਆ। ਕਿਰਨ ਨੇ ਚੰਡੀਗੜ੍ਹ 'ਚ ਇਸ ਅੰਦੋਲਨ ਦਾ ਸਮਰਥਨ ਕੀਤਾ ਸੀ। ਜਦ ਅੰਨਾ ਦੇ ਅੰਦੋਲਨ ਤੋਂ ਬਾਅਦ ਟੀਮ ਦੇ ਕੁੱਝ ਮੈਂਬਰਾਂ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ।