''ਕਿਰਨ ਬਾਲਾ'' ਬਾਰੇ ਹੋਏ ਨਵੇਂ ਖੁਲਾਸੇ ਕਾਰਨ ਸੁਰੱਖਿਆ ਏਜੰਸੀਆਂ ''ਚ ਹੜਕੰਪ

04/21/2018 8:46:06 AM

ਹੁਸ਼ਿਆਰਪੁਰ : ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਵਲੋਂ ਪਾਕਿਸਤਾਨ ਜਾ ਕੇ ਵਿਆਹ ਕਰਨ ਉਪਰੰਤ ਧਰਮ ਪਰਿਵਰਤਨ ਕਰਨ ਅਤੇ ਵਾਪਸ ਭਾਰਤ ਨਾ ਆਉਣ ਦੇ ਮਾਮਲੇ 'ਚ ਜਿੱਥੇ ਉਸ ਦਾ ਪਰਿਵਾਰ ਡੂੰਘੇ ਸਦਮੇ 'ਚ ਹੈ, ਉੱਥੇ ਹੀ ਸੁਰੱਖਿਆ ਏਜੰਸੀਆਂ 'ਚ ਵੀ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕਿਰਨ ਬਾਲਾ ਕਰੀਬ ਢਾਈ ਮਹੀਨਿਆਂ ਤੋਂ ਪਾਕਿਸਤਾਨ 'ਚ ਗੱਲਾਂ ਕਰਦੀ ਰਹੀ ਪਰ ਸੁਰੱਖਿਆ ਏਜੰਸੀਆਂ ਇਸ ਤੋਂ ਬੇਖਬਰ ਰਹੀਆਂ। ਇਹ ਵੀ ਸਾਹਮਣੇ ਆਇਆ ਹੈ ਕਿ ਸਮਾਰਟ ਫੋਨ ਤੋਂ ਆਮ ਹੋ ਚੁੱਕੀ ਤਕਨੀਕ ਅੱਗੇ ਇਹ ਏਜੰਸੀਆਂ ਕਿਸ ਕਦਰ ਲਾਚਾਰ ਹੋ ਚੁੱਕੀਆਂ ਹਨ। ਕਿਰਨ ਬਾਲਾ ਦੇ ਸਹੁਰੇ ਅਤੇ ਬੱਚਿਆਂ ਨੇ ਦੱਸਿਆ ਕਿ ਉਹ ਢਾਈ ਮਹੀਨਿਆਂ ਤੋਂ ਫੋਨ 'ਤੇ ਹੀ ਗੱਲਾਂ ਕਰਦੀ ਰਹਿੰਦੀ ਸੀ ਅਤੇ ਉਸ ਦੀ ਗੱਲਬਾਤ ਕਈ ਘੰਟਿਆਂ ਤੱਕ ਚੱਲਦੀ ਸੀ। ਇੰਨੇ ਲੰਬੇ ਸਮੇਂ ਤੱਕ ਇਕ ਘਰੇਲੂ ਔਰਤ ਦੀ ਗੱਲਬਾਤ ਨੂੰ ਏਜੰਸੀਆਂ ਟਰੇਸ ਨਹੀਂ ਕਰ ਸਕੀਆਂ। 
ਇਸ ਸਬੰਧੀ ਪੰਜਾਬ ਪੁਲਸ ਦੇ ਖੁਫੀਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਅਜਿਹਾ ਤੰਤਰ ਨਹੀਂ ਹੈ, ਜਿਸ ਨਾਲ ਸੋਸ਼ਲ ਮੀਡੀਆ ਐਪਸ ਜਾਂ ਇੰਟਰਨੈੱਟ ਰਾਹੀਂ ਕੀਤੀ ਜਾਣ ਵਾਲੀ ਕਾਲਿੰਗ ਦਾ ਪਤਾ ਲਾਇਆ ਜਾ ਸਕੇ। ਫੋਨ ਤੋਂ ਕੀਤੀ ਜਾਣ ਵਾਲੀ ਕਿਸੇ ਵੀ ਕਾਲ ਨੂੰ ਤੁਰੰਤ ਟਰੇਸ ਕਰਨ ਦੀ ਸਹੂਲਤ ਹੈ ਪਰ ਇੰਟਰਨੈੱਟ ਕਾਲਸ ਜ਼ਿਆਦਾਤਰ ਅਮਰੀਕਾ, ਆਸਟ੍ਰੇਲੀਆਂ ਜਾ ਹੋਰ ਵੱਖ-ਵੱਖ ਸਰਵਰਾਂ ਨਾਲ ਕੁਨੈਕਟ ਹੁੰਦੀਆਂ ਹਨ।