ਮੋਹਾਲੀ ''ਚ ਕਿੱਲਰ ਏਅਰਪੋਰਟ ਰੋਡ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਨੇ 4 ਮੈਂਬਰੀ ਕਮੇਟੀ ਕੀਤੀ ਗਠਿਤ

Wednesday, Sep 27, 2017 - 11:15 AM (IST)

ਜਲੰਧਰ/ਚੰਡੀਗੜ੍ਹ(ਧਵਨ, ਬਿਊਰੋ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿਚ ਏਅਰਪੋਰਟ ਨੂੰ ਜਾਂਦੀ ਖਸਤਾ ਹਾਲ ਸੜਕ ਨੂੰ ਕਿੱਲਰ ਰੋਡ ਦੱਸਦਿਆਂ ਕਿਹਾ ਹੈ ਕਿ ਇਹ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੀ ਜਾਂਚ ਅਧੀਨ ਹੈ। ਇਸ ਲਈ ਮੁੱਖ ਮੰਤਰੀ ਨੇ ਉਪਾਅ ਦੱਸਣ ਲਈ 4 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਗ੍ਰੇਟਰ ਮੋਹਾਲੀ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਨਤਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ 30 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇ। ਕਮੇਟੀ ਵਿਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫ. ਜਨਰਲ ਬੀ. ਐੱਸ. ਧਾਲੀਵਾਲ, ਚੀਫ ਇੰਜੀਨੀਅਰ ਨੈਸ਼ਨਲ ਹਾਈਵੇਅ ਪੀ. ਡਬਲਿਊ. ਡੀ. (ਬੀ. ਐਂਡ ਆਰ.), ਏ. ਕੇ. ਸਿੰਗਲਾ, ਗਮਾਡਾ ਦੇ ਚੀਫ ਇੰਜੀ. ਸੁਨੀਲ ਕਾਂਸਲ ਅਤੇ ਸੀ. ਆਰ. ਆਰ. ਆਈ. ਦੇ ਪ੍ਰਮੁੱਖ ਵਿਗਿਆਨੀ ਮਨੋਜ ਕੁਮਾਰ ਸ਼ੁਕਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਨੂੰ ਜਾਂਦੀ 200 ਫੁੱਟ ਚੌੜੀ ਸੜਕ ਸਾਬਕਾ ਅਕਾਲੀ ਸਰਕਾਰ ਦੇ ਕਾਰਜਕਾਲ 'ਚ 15 ਕਰੋੜ ਦੀ ਲਾਗਤ ਨਾਲ ਬਣਾਈ ਗਈ ਸੀ। ਇਹ ਸੜਕ ਹੁਣ ਤੱਕ ਕਈ ਲੋਕਾਂ ਦੀਆਂ ਜਾਨਾਂ ਲੈ ਚੁੱਕੀ ਹੈ। ਪਿਛਲੇ 2 ਸਾਲਾਂ ਤੋਂ ਸੜਕ ਦੀ ਹਾਲਤ ਕਾਫੀ ਖਸਤਾ ਹੈ। ਗਮਾਡਾ ਨੇ ਪਹਿਲਾਂ ਹੀ ਏਅਰਪੋਰਟ ਚੌਕ ਤੋਂ ਲਾਂਦੜਾਂ-ਬਨੂੜ ਰੋਡ ਟੀ-ਪੁਆਇੰਟ ਦਾ 6 ਕਿਲੋਮੀਟਰ ਦਾ ਏਰੀਆ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਖੇਤਰ 'ਚ ਕਾਫੀ ਸੜਕ ਹਾਦਸੇ ਹੋਏ ਹਨ।
ਗਮਾਡਾ ਦੇ ਸਾਬਕਾ ਚੀਫ ਇੰਜੀ.ਸੁਰਿੰਦਰਪਾਲ ਸਿੰਘ, ਏਕਾ ਪਹਿਲਵਾਨ ਜਿਸ ਨੇ ਕਥਿਤ ਤੌਰ 'ਤੇ ਇਸ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ, ਦੇ ਸਮੇਂ ਉਕਤ ਸੜਕ ਪ੍ਰਾਜੈਕਟ ਨੂੰ ਪੂਰਾ ਕੀਤਾ ਗਿਆ ਸੀ। ਸੁਰਿੰਦਰਪਾਲ ਇਸ ਵੇਲੇ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਮਾਮਲੇ 'ਚ ਜੇਲ ਦੀਆਂ ਸੀਖਾਂ ਪਿੱਛੇ ਹੈ।
ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਸੀ. ਆਰ. ਆਰ. ਆਈ. ਜਾਂ ਵਿਜੀਲੈਂਸ ਬਿਊਰੋ ਦੀ ਤਕਨੀਕੀ ਜਾਂਚ ਤੋਂ ਵੱਖਰੀ ਆਪਣੀ ਜਾਂਚ ਕਰੇਗੀ। ਸੀ. ਆਰ. ਆਰ. ਆਈ. ਨੂੰ ਫਰਵਰੀ ਮਹੀਨੇ ਵਿਚ ਜਾਂਚ ਸੌਂਪੀ ਗਈ ਸੀ ਅਤੇ ਉਸ ਨੇ 4 ਜੁਲਾਈ ਨੂੰ ਆਪਣੀ ਰਿਪੋਰਟ ਸੌਂਪੀ ਸੀ, ਇਸ ਦਾ ਅਧਿਐਨ ਗਮਾਡਾ ਦੇ ਇੰਜੀਨੀਅਰਾਂ ਨੇ  ਕੀਤਾ ਸੀ। ਉਨ੍ਹਾਂ ਆਪਣੀ ਰਿਪੋਰਟ ਵਿਚ ਸੜਕ ਦੀ ਅਸਫਲਤਾ ਲਈ ਸੜਕ ਦੇ ਡਿਜ਼ਾਈਨ ਅਤੇ ਭਾਰੀ ਟ੍ਰੈਫਿਕ ਨੂੰ ਜ਼ਿੰਮੇਵਾਰ ਦੱਸਿਆ ਸੀ। ਸੀ. ਆਰ. ਆਰ. ਆਈ. ਟੀਮ ਨੇ ਸੂਬਾ ਵਿਜੀਲੈਂਸ ਬਿਊਰੋ ਦੇ ਨਾਲ 20 ਸਤੰਬਰ ਨੂੰ ਮੋਹਾਲੀ ਵਿਚ ਨੁਕਸਾਨੀਆਂ ਸੜਕਾਂ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕੀਤਾ। ਟੀਮ ਨੇ ਏਅਰਪੋਰਟ ਚੌਕ ਤੋਂ ਖਰੜ ਬਨੂੜ ਰੋਡ ਦੇ ਵਿਚ 3 ਹੋਰ ਸੈਂਪਲ ਲਏ। ਇਹ ਖੇਤਰ ਵੀ ਪੂਰੀ ਤਰ੍ਹਾਂ ਖਸਤਾ ਹਾਲ ਸੀ। 1-1 ਸੈਂਪਲ ਟੀ. ਡੀ. ਆਈ. ਸੜਕ, ਐਰੋਸਿਟੀ ਰੋਡ 'ਤੇ ਐੱਨ. ਐੱਚ.-64 ਤੋਂ ਵੀ ਲਿਆ ਗਿਆ।


Related News