ਲੋਹੜੀ ਦੇਣ ਜਾ ਰਹੇ ਨਾਨਾ-ਨਾਨੀ ਹੋਏ ਹਾਦਸੇ ਦਾ ਸ਼ਿਕਾਰ,1 ਦੀ ਮੌਤ

01/14/2018 7:05:19 AM

ਫਗਵਾੜਾ, ਜਲੋਟਾ)— ਫਗਵਾੜਾ-ਚੰਡੀਗੜ੍ਹ ਮੇਨ ਬਾਈਪਾਸ 'ਤੇ ਪਿੰਡ ਪਲਾਹੀ ਨੇੜੇ ਅੱਜ ਹੰਗਾਮਾ ਮਚ ਗਿਆ, ਜਦੋਂ ਐਕਟਿਵਾ ਸਵਾਰ ਜੋੜੇ ਨੂੰ ਤੇਜ਼ ਰਫਤਾਰ ਬੱਸ ਨੇ ਆਪਣੀ ਲਪੇਟ 'ਚ ਲੈ ਲਿਆ। ਹਾਦਸੇ 'ਚ ਐਕਟਿਵਾ ਚਾਲਕ ਵਿਸ਼ਵਨਾਥਾ ਸਿੰਘ ਵਾਸੀ ਪਿੰਡ ਚੱਕ-ਹਕੀਮ ਫਗਵਾੜਾ ਵਜੋਂ ਹੋਈ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਸੁੰਦਰ ਦੇਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਜੀ ਥਾਣਾ ਸਦਰ ਪੁਲਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਭੇਜ ਦਿੱਤਾ ਹੈ ਤੇ ਸੁੰਦਰ ਦੇਵੀ, ਜਿਸ ਨੂੰ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ, ਨੂੰ ਸਿਵਲ ਹਸਪਤਾਲ ਫਗਵਾੜਾ 'ਚ ਇਲਾਜ ਲਈ ਲਿਆਂਦਾ ਗਿਆ ਹੈ। 
ਜਾਣਕਾਰੀ ਅਨੁਸਾਰ ਅੱਜ ਸਵੇਰੇ ਵਿਸ਼ਵਨਾਥ ਆਪਣੀ ਪਤਨੀ ਸੁੰਦਰ ਦੇਵੀ ਨਾਲ ਐਕਟਿਵਾ 'ਤੇ ਪਿੰਡ ਪਲਾਹੀ 'ਚ ਆਪਣੇ ਦੋਤੇ ਦੀ ਲੋਹੜੀ ਦੇਣ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਦੋਵੇਂ ਪਿੰਡ ਪਲਾਹੀ ਕੋਲ ਪੁੱਜੇ ਤਾਂ ਐਕਟਿਵਾ ਨੂੰ ਤੇਜ਼ ਰਫਤਾਰ ਜਲੰਧਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਤੋਂ ਬਾਅਦ ਵਿਸ਼ਵਨਾਥ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਪੁਲਸ ਥਾਣਾ ਸਦਰ ਫਗਵਾੜਾ ਦੇ ਏ. ਐੱਸ. ਆਈ. ਜਸਬੀਰ ਸਿੰੰਘ ਨੇ ਦੱਸਿਆ ਕਿ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।