ਮਹੰਤ ਅਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹੋਰ 1 ਦਰਜਨ ਵਿਅਕਤੀਆਂ ''ਤੇ ਕੇਸ ਦਰਜ ਕਰਨ ਦੀ ਮੰਗ

Tuesday, Jun 20, 2017 - 02:07 AM (IST)

ਬਾਲਿਆਂਵਾਲੀ(ਸ਼ੇਖਰ)-ਮੰਡੀ ਕਲਾਂ ਵਿਖੇ ਨਿਹੰਗ ਬਾਣੇ 'ਚ ਆਏ ਵਿਅਕਤੀਆਂ ਵੱਲੋਂ ਡੇਰਾ ਸ਼੍ਰੀ ਸ਼੍ਰੀ 108 ਬਾਬਾ ਸ਼੍ਰੀ ਚੰਦ ਜੀ ਨੂੰ ਅੱਗ ਲਾਉਣ ਅਤੇ ਡੇਰੇ ਦੇ ਮਹੰਤ ਨੂੰ ਅਗਵਾ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਗੋਬਿੰਦ ਦਾਸ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਜਿੰਦਲ ਨੇ ਕਿਹਾ ਕਿ ਪੁਲਸ ਵੱਲੋਂ ਬਹੁਤ ਘੱਟ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕੇਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਮਹੰਤ ਨੇ ਕਿਹਾ ਕਿ ਪਿੰਡ ਦੇ ਸੁਖਦੇਵ ਸਿੰਘ, ਸੁਰਿੰਦਰ ਸਿੰਘ ਕਾਕਾ, ਕਰਮ ਸਿੰਘ ਤੋਤੀ ਅਤੇ ਹਰਬੰਸ ਸਿੰਘ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਉਸ ਨੂੰ ਡੇਰੇ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ, ਜਦਕਿ ਜੱਜਵੀਰ ਸਿੰਘ, ਪਾਲਾ ਸਿੰਘ, ਰਾਮ ਸਿੰਘ, ਤੇਜਾ ਸਿੰਘ, ਕਾਕਾ ਪ੍ਰਧਾਨ, ਮਿੱਠੂ ਸਿੰਘ ਤੇ ਭਰਥੜੀ ਸਿੰਘ ਵੀ ਇਸ ਹਮਲੇ ਵਿਚ ਸ਼ਾਮਲ ਸਨ ਪਰ ਉਨ੍ਹਾਂ 'ਤੇ ਕੇਸ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਸਾਰੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪਾਈ ਗਈ ਸੀ ਅਤੇ ਉਕਤ ਵਿਅਕਤੀਆਂ ਵਿਚੋਂ ਕਈ ਵਿਅਕਤੀ ਵੀਡੀਓ ਵਿਚ ਸਾਫ ਵਿਖਾਈ ਦੇ ਰਹੇ ਹਨ। ਸੁਸ਼ੀਲ ਜਿੰਦਲ ਨੇ ਕਿਹਾ ਕਿ ਜੇਕਰ ਮਾਮਲੇ 'ਚ ਉਕਤ ਵਿਅਕਤੀਆਂ ਨੂੰ ਸ਼ਾਮਿਲ ਨਾ ਕੀਤਾ ਤਾਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਥਾਣੇ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ, ਜਦਕਿ ਕਾਂਗਰਸੀ ਆਗੂ ਟਾਈਗਰ ਮੰਡੀ ਕਲਾਂ ਨੇ ਕਿਹਾ ਕਿ ਉਹ ਮਹੰਤ ਦੇ ਨਾਲ ਹਨ ਅਤੇ ਮਾਮਲੇ ਨੂੰ ਮੁਖ ਮੰਤਰੀ ਕੈਪ. ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆ ਕੇ ਮਹੰਤ ਨੂੰ ਇਨਸਾਫ ਦਿਵਾਉਣਗੇ।
ਕੀ ਕਹਿੰਦੇ ਨੇ ਐੱਸ. ਐੱਚ. ਓ.
ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸ਼ਿਵ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਹੰਤ ਵੱਲੋਂ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਵਿਚੋਂ 4-5 ਵਿਅਕਤੀਆਂ ਦੇ ਹਮਲੇ 'ਚ ਸ਼ਾਮਿਲ ਹੋਣ ਦੇ ਸਬੂਤ ਤਾਂ ਮਿਲੇ ਹਨ ਪਰ ਬਾਕੀਆਂ ਦੀ ਤਫਤੀਸ਼ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।


Related News