10 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੇ ਨੌਜਵਾਨ ਦਾ ਕਤਲ, ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

09/07/2021 7:32:15 PM

ਮਾਛੀਵਾੜਾ ਸਾਹਿਬ (ਟੱਕਰ) - ਕੁਹਾੜਾ ਰੋਡ ’ਤੇ ਸਥਿਤ ਪਿੰਡ ਇਰਾਕ ਵਿਖੇ ਮੋਬਾਇਲਾਂ ਦੀ ਦੁਕਾਨ ਕਰਦੇ ਨਿਤੇਸ਼ ਕੁਮਾਰ ਨੂੰ ਅਗਵਾ ਕਰ ਉਸ ਦੇ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਗਲਾ ਘੁੱਟ ਕੇ ਉਸ ਦਾ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਮਾਛੀਵਾੜਾ ਪੁਲਸ ਵਲੋਂ ਸੁਲਝਾ ਲਈ ਗਈ ਹੈ। ਲੰਘੀ 3 ਸਤੰਬਰ ਦੀ ਰਾਤ ਨੂੰ ਨੌਜਵਾਨ ਨਿਤੇਸ਼ ਨੂੰ ਅਗਵਾ ਕਰਨ ਉਪਰੰਤ ਅਗਵਾਕਾਰਾਂ ਨੇ ਉਸ ਦੇ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਿਸ ’ਤੇ ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਨੌਜਵਾਨ ਨੂੰ ਅਗਵਾ ਕਰਨ ਵਾਲਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਐੱਸ.ਐੱਸ.ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਜਿਸ ’ਚ ਥਾਣਾ ਮੁਖੀ ਵਿਜੈ ਕੁਮਾਰ, ਸਹਾਇਕ ਥਾਣੇਦਾਰ ਜਰਨੈਲ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਲਾਲ ਵਲੋਂ ਅੰਮ੍ਰਿਤਸਰ, ਜਲੰਧਰ ਅਤੇ ਯੂ.ਪੀ. 'ਚ ਜਾ ਕੇ ਛਾਪੇਮਾਰੀ ਕੀਤੀ ਗਈ। ਪੁਲਸ ਵਲੋਂ ਅਗਵਾਕਾਰਾਂ ਦੀਆਂ ਮੋਬਾਇਲ ਲੋਕੇਸ਼ਨਾਂ ਅਤੇ ਹੋਰ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਇਸ ਮਾਮਲੇ ਦੀ ਮੁੱਖ ਦੋਸ਼ੀ ਸ਼ਤਰੁਘਣ ਦਾ ਪਿੱਛਾ ਕਰਦੇ ਉਸ ਨੂੰ ਯੂ.ਪੀ. ਦੇ ਕਲਕਟਰਗੰਜ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੀ ਪਛਾਣ ਅਗਵਾ ਕੀਤੇ ਨੌਜਵਾਨ ਨਿਤੇਸ਼ ਦੇ ਦੋਸਤ ਸ਼ਤਰੁਘਣ ਵਜੋਂ ਹੋਈ। ਮਾਛੀਵਾੜਾ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਯੂ.ਪੀ. ਤੋਂ ਮਾਛੀਵਾੜਾ ਲਿਆਂਦਾ ਗਿਆ ਜਿੱਥੇ ਅਦਾਲਤ 'ਚ ਪੇਸ਼ ਕਰ ਰਿਮਾਂਡ ਲਿਆ ਗਿਆ।

ਇਹ ਵੀ ਪੜ੍ਹੋ : ਲੂਈਸਿਆਨਾ 'ਚ ਸਿਹਤ ਵਿਭਾਗ ਨੇ ਦਿੱਤੇ 7 ਨਰਸਿੰਗ ਹੋਮ ਬੰਦ ਕਰਨ ਦੇ ਹੁਕਮ

ਮਾਛੀਵਾੜਾ ਪੁਲਸ ਵਲੋਂ ਡਿਊਟੀ ਮਜਿਸਟ੍ਰੇਟ ਦੀ ਮੌਜੂਦਗੀ 'ਚ ਅਗਵਾਕਾਰ ਸ਼ਤਰੁਘਣ ਦੀ ਨਿਸ਼ਾਨਦੇਹੀ ’ਤੇ ਨੌਜਵਾਨ ਨਿਤੇਸ਼ ਕੁਮਾਰ ਦੀ ਲਾਸ਼ ਪਿੰਡ ਇਰਾਕ ਨੇੜੇ ਖੇਤਾਂ ’ਚੋਂ ਹੀ ਬਰਾਮਦ ਕਰ ਲਈ ਜਿਸ ਦਾ ਹੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਸ਼ਤਰੁਘਣ ਧਾਗਾ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਨੌਜਵਾਨ ਨਿਤੇਸ਼ ਨੇੜੇ ਹੀ ਮੋਬਾਇਲ ਦੁਕਾਨ ਚੱਲਾ ਰਿਹਾ ਸੀ ਅਤੇ ਦੋਵੇਂ ਆਪਸ 'ਚ ਦੋਸਤ ਹਨ। ਸ਼ਤਰੁਘਣ ਤੇ ਉਸ ਦਾ ਦੋਸਤ ਰਾਕੇਸ਼ ਆਰਿਥਕ ਤੰਗੀ ਝੱਲ ਰਹੇ ਸਨ ਅਤੇ ਨਸ਼ੇ ਕਰਨ ਦੇ ਆਦੀ ਸਨ। ਇਨ੍ਹਾਂ ਦੋਵਾਂ ਨੇ ਯੋਜਨਾ ਬਣਾਈ ਕਿ ਨਿਤੇਸ਼ ਕੁਮਾਰ ਨੂੰ ਅਗਵਾ ਕਰ ਉਸ ਦਾ ਪਿਤਾ ਜੋ ਕਿ ਸ਼ਿਵਾ ਫੈਕਟਰੀ ’ਚ ਸੁਪਰਵਾਈਜ਼ਰ ਹੈ ਉਸ ਕੋਲੋਂ ਲੱਖਾਂ ਰੁਪਏ ਫਿਰੌਤੀ ਮੰਗੀ ਜਾਵੇ। 3 ਸਤੰਬਰ ਦੀ ਰਾਤ ਨੂੰ ਸ਼ਤਰੁਘਣ ਤੇ ਰਾਕੇਸ਼ ਵਲੋਂ ਨਿਤੇਸ਼ ਨੂੰ ਮੋਬਾਇਲ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਨਾਲ ਪਿੰਡ ਇਰਾਕ ਦੇ ਖੇਤਾਂ ਵੱਲ ਸੁੰਨਸਾਨ ਜਗ੍ਹਾ ’ਤੇ ਲੈ ਗਏ ਜਿੱਥੇ ਉਨ੍ਹਾਂ ਬੈਠ ਕੇ ਨਸ਼ਾ ਕੀਤਾ। ਜਾਣਕਾਰੀ ਅਨੁਸਾਰ ਫਿਰ ਉਨ੍ਹਾਂ ਨੇ ਖੇਤਾਂ ’ਚ ਲਿਜਾ ਕੇ ਨਿਤੇਸ਼ ਨੂੰ ਬੰਧਕ ਬਣਾ ਉਸ ਦੀ ਕੁੱਟਮਾਰ ਕਰ ਮਜ਼ਬੂਰ ਕੀਤਾ ਕਿ ਉਹ ਆਪਣੇ ਮੋਬਾਇਲ ’ਤੇ ਪਰਿਵਾਰ ਨੂੰ ਸੰਦੇਸ਼ ਭੇਜੇ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਪਹਿਲਾਂ ਅਗਵਾਕਾਰਾਂ ਨੇ 10 ਲੱਖ ਰੁਪਏ ਫਿਰੌਤੀ ਮੰਗੀ।

ਇਹ ਵੀ ਪੜ੍ਹੋ : ਅਮਰੀਕਾ : ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ

ਅਗਵਾਕਾਰਾਂ ਵਲੋਂ ਨਿਤੇਸ਼ ਦੀ ਕੁੱਟਮਾਰ ਵਾਲੀਆਂ ਫੋਟੋਆਂ ਵੀ ਪਰਿਵਾਰ ਨੂੰ ਭੇਜੀਆਂ ਜਿਸ ’ਤੇ ਨਿਤੇਸ਼ ਕੁਮਾਰ ਦੇ ਪਿਤਾ ਪ੍ਰਮੋਦ ਕੁਮਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਅਗਵਾਕਾਰ ਸ਼ਤਰੁਘਣ ਤੇ ਰਾਕੇਸ਼ ਨੇ 3 ਸਤੰਬਰ ਦੀ ਅੱਧੀ ਰਾਤ ਨੂੰ ਹੀ ਨਿਤੇਸ਼ ਦਾ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਖੇਤਾਂ ’ਚ ਸੁੱਟ ਕੇ ਫ਼ਰਾਰ ਹੋ ਗਏ। ਇਹ ਅਗਵਾਕਾਰ ਪਰਿਵਾਰ ਤੋਂ ਫਿਰੌਤੀ ਵੀ ਮੰਗਦੇ ਰਹੇ ਅਤੇ ਮਾਛੀਵਾੜਾ ਪੁਲਸ ਇਨ੍ਹਾਂ ਦਾ ਪਿੱਛੇ ਕਰਦੇ ਹੋਏ ਯੂ.ਪੀ. ਦੇ ਕਲਕਟਰਗੰਜ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਜਿੱਥੇ ਸ਼ਤਰੁਘਣ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਰਾਕੇਸ਼ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵਲੋਂ ਅੱਜ ਡਿਊਟੀ ਮਜਿਸਟ੍ਰੇਟ ਦੀ ਮੌਜੂਦਗੀ 'ਚ ਮ੍ਰਿਤਕ ਨਿਤੇਸ਼ ਦੀ ਲਾਸ਼ ਨੂੰ ਬਰਾਮਦ ਕਰਨ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਪੁਲਸ ਨੇ ਇਸ ਕਤਲ ਦੇ ਮਾਮਲੇ ’ਚ ਸ਼ਤਰੁਘਣ ਤੇ ਰਾਕੇਸ਼ ਖਿਲਾਫ਼ ਅਗਵਾ ਤੋਂ ਇਲਾਵਾ ਕਤਲ ਕਰਨ ਦੀ ਧਾਰਾ-302 ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਕਿ ਇਸ ਮਾਮਲੇ ’ਚ ਕਿਸੇ ਹੋਰ ਦੀ ਸ਼ਮੂਲੀਅਤ ਤਾਂ ਨਹੀਂ।

ਗੰਨੇ ਦੇ ਖੇਤ ’ਚ ਗਲੀ-ਸੜੀ ਹਾਲਤ ’ਚ ਮਿਲੀ ਨੌਜਵਾਨ ਨਿਤੇਸ਼ ਦੀ ਲਾਸ਼
ਨੌਜਵਾਨ ਨਿਤੇਸ਼ ਨੂੰ ਅਗਵਾ ਕਰਨ ਵਾਲੇ ਉਸ ਦੇ ਦੋਸਤ ਸ਼ਤਰੁਘਣ ਤੇ ਰਾਕੇਸ਼ ਉਸਦੀ ਮੋਬਾਇਲ ਵਾਲੀ ਦੁਕਾਨ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਖੇਤਾਂ 'ਚ ਲੈ ਗਏ ਜਿੱਥੇ ਪਹਿਲਾਂ ਉਸ ਨਾਲ ਗਾਂਜੇ ਦਾ ਨਸ਼ਾ ਕੀਤਾ ਅਤੇ ਫਿਰ ਉਸ ਨੂੰ ਬੰਨ੍ਹ ਲਿਆ। ਅਗਵਾਕਾਰਾਂ ਨੇ ਪਹਿਲਾਂ ਨਿਤੇਸ਼ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਦੋਵਾਂ ਨੇ ਗੰਨੇ ਦੇ ਖੇਤ 'ਚ ਲਿਜਾ ਕੇ ਉਸ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤਾ। ਅਗਵਾਕਾਰਾਂ ਨੇ ਨਿਤੇਸ਼ ਦੀ ਹੱਤਿਆ 3 ਸਤੰਬਰ ਨੂੰ ਅੱਧੀ ਰਾਤ ਸਮੇਂ ਹੀ ਕਰ ਦਿੱਤੀ ਸੀ। ਅੱਜ ਜਦੋਂ 4 ਦਿਨ ਬਾਅਦ ਜਦੋਂ ਮੁੱਖ ਕਥਿਤ ਦੋਸ਼ੀ ਸ਼ਤਰੁਘਣ ਦੀ ਨਿਸ਼ਾਨਦੇਹੀ ’ਤੇ ਪੁਲਸ ਨਿਤੇਸ਼ ਦੀ ਲਾਸ਼ ਬਰਾਮਦ ਕਰਨ ਲਈ ਖੇਤਾਂ 'ਚ ਗਈ ਤਾਂ ਉਹ ਪੂਰੀ ਤਰ੍ਹਾਂ ਗਲ ਸੜ੍ਹ ਚੁੱਕੀ ਸੀ ਅਤੇ ਬਦਬੂ ਮਾਰ ਰਹੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਜੋਅ ਬਾਈਡੇਨ  9/11 ਹਮਲੇ ਦੀ 20 ਵੀਂ ਵਰ੍ਹੇਗੰਢ 'ਤੇ ਕਰਨਗੇ ਤਿੰਨ ਥਾਵਾਂ ਦਾ ਦੌਰਾ

ਇਕਲੌਤੇ ਪੁੱਤਰ ਨੂੰ ਮਾਰਨ ਵਾਲੇ ਕਾਤਲਾਂ ਲਈ ਪਿਤਾ ਨੇ ਮੰਗੀ ਫਾਂਸੀ ਦੀ ਸਜ਼ਾ
ਪ੍ਰਮੋਦ ਕੁਮਾਰ ਨੇ ਆਪਣੇ ਨੌਜਵਾਨ ਇਕਲੌਤੇ ਪੁੱਤਰ ਨਿਤੇਸ਼ ਨੂੰ ਮਾਰਨ ਵਾਲੇ ਉਸ ਦੇ ਦੋਸਤ ਸ਼ਤਰੁਘਣ ਤੇ ਰਾਕੇਸ਼ ਲਈ ਫਾਂਸੀ ਦੀ ਸਜ਼ਾ ਮੰਗੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਅਗਵਾਕਾਰਾਂ ਨੇ ਮੇਰਾ ਘਰ ਉਜਾੜ ਦਿੱਤਾ ਅਤੇ ਮੇਰੇ ਬੁਢਾਪੇ ਦਾ ਸਹਾਰਾ ਖੋਹ ਲਿਆ। ਉਸ ਨੇ ਕਿਹਾ ਕਿ ਜੇਕਰ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਤਾਂ ਅੱਗੋਂ ਹੋਰ ਕੋਈ ਵਿਅਕਤੀ ਆਪਣੇ ਦੋਸਤ ਨੂੰ ਅਗਵਾ ਕਰ ਕਤਲ ਕਰਨ ਦੀ ਘਿਨੌਣੀ ਘਟਨਾ ਬਾਰੇ ਹਜ਼ਾਰਾਂ ਬਾਰੇ ਸੋਚੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar