ਪਹਿਲਾਂ 17 ਸਾਲਾ ਮੁੰਡੇ ਨੂੰ ਧੋਖੇ ਨਾਲ ਕੀਤਾ ਅਗਵਾ, ਫਿਰ ਕਾਰ ਸਣੇ ਨਹਿਰ ’ਚ ਸੁੱਟ ਦਿੱਤਾ ਦੋ ਭੈਣਾਂ ਦਾ ਇਕਲੌਤਾ ਭਰਾ

04/16/2023 6:37:19 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਹਿਮਾਚਲ ਪ੍ਰਦੇਸ਼ ਤੋਂ ਅਗਵਾ ਕੀਤੇ ਇਕ 17 ਸਾਲ ਦੇ ਮੁੰਡੇ ਸਮੇਤ ਅਗਵਾਕਾਰ ਵੱਲੋਂ ਪਿੰਡ ਫਤਿਹਪੁਰ ਬੁੰਗਾ ਨਜ਼ਦੀਕ ਆਪਣੀ ਆਈ-20 ਕਾਰ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਗਈ, ਜਿਸ ਕਾਰਨ ਅਗਵਾ ਕੀਤਾ ਮੁੰਡਾ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਿਆ ਜਦਕਿ ਅਗਵਾਕਾਰ ਨੂੰ ਲੋਕਾਂ ਵੱਲੋਂ ਨਹਿਰ ਤੋਂ ਬਾਹਰ ਕੱਢ ਲਿਆ ਗਿਆ। ਜਿਸ ਨੂੰ ਨਾਲਾਗੜ੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ਵਿਚ ਡਿੱਗੀ ਕਾਰ ਨੂੰ ਬਾਹਰ ਕਢਵਾ ਲਿਆ ਹੈ, ਜਦਕਿ ਅਗਵਾ ਜਤਿਨ ਨਾਮ ਦੇ ਮੁੰਡੇ ਦੀ ਗੋਤਾਖੋਰ ਭਾਲ ਕਰ ਰਹੇ ਹਨ।

ਕੀ ਕਹਿਣਾ ਹੈ ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਦਾ
ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਫਤਿਹਪੁਰ ਬੁੰਗਾ ਵਿਖੇ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਪਈ ਹੈ, ਜਿਸ ਤੋਂ ਬਾਅਦ ਸਾਡੀ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਪੜਤਾਲ ਤੋਂ ਸਾਨੂੰ ਪਤਾ ਲੱਗਾ ਕਿ ਇਹ ਕਾਰ ਨਾਲਾਗੜ੍ਹ ਥਾਣੇ ਦੇ ਏਰੀਏ ਨਾਲ ਸੰਬੰਧਤ ਹੈ। ਇਸ ਬਾਰੇ ਥਾਣਾ ਨਾਲਾਗੜ੍ਹ (ਹਿ.ਪ੍ਰ) ਦੀ ਪੁਲਸ ਵੱਲੋਂ ਮੁਕਦਮਾ ਨੰਬਰ 115/23 ਧਾਰਾ 363 ਅਧੀਨ ਦਰਜ ਕੀਤਾ ਗਿਆ ਸੀ। ਇਹ ਮਾਮਲਾ ਥਾਣਾ ਨਾਲਾਗੜ੍ਹ (ਹਿ.ਪ੍ਰ) ਪੁਲਸ ਪਾਸ ਹੋਣ ਕਾਰਨ ਸਾਡੇ ਵੱਲੋਂ ਨਾਲਾਗੜ੍ਹ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਅੱਜ ਕਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢਵਾ ਲਿਆ ਹੈ ਜਿਸ ਵਿਚੋਂ ਕਿਸੇ ਦੀ ਵੀ ਲਾਸ਼ ਨਹੀਂ ਮਿਲੀ।

ਇਹ ਵੀ ਪੜ੍ਹੋ : ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਚਚੇਰੇ ਭਰਾਵਾਂ ਨੇ ਕੁੱਟਮਾਰ ਕਰਕੇ ਭਰਾ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

ਕੀ ਕਹਿਣਾ ਹੈ ਨਹਿਰ ਵਿਚ ਰੁੜ੍ਹੇ ਜਤਿਨ ਦੇ ਤਾਏ ਦਾ 
ਇਸ ਬਾਰੇ ਜਦੋਂ ਭਾਖੜਾ ਨਹਿਰ ਵਿਚ ਰੁੜ੍ਹੇ ਮੁੰਡੇ ਜਤਿਨ ਦੇ ਤਾਏ ਅਸ਼ੋਕ ਕੁਮਾਰ ਵਾਸੀ ਪਿੰਡ ਰਾਮਪੁਰ ਪਸਵਾਲਾਂ ਥਾਣਾ ਨਾਲਾਗੜ੍ਹ ਜ਼ਿਲ੍ਹਾ ਸੋਲਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰਾ ਭਤੀਜਾ ਜਤਿਨ ਪੁੱਤਰ ਹੇਮਰਾਜ (17) ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਹੈ। ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚੰਗਾ ਖਿਡਾਰੀ ਸੀ। ਬੀਤੇ ਦਿਨ ਜਤਿਨ ਨੂੰ ਇਸ ਨਾਲ ਹੀ ਪੜ੍ਹਦੇ ਪਿੰਡ ਬਸੋਟ ਦੇ ਇਕ ਮੁੰਡੇ ਨੇ ਵਾਰ-ਵਾਰ ਫੋਨ ਕਰਕੇ ਇਸ ਨੂੰ ਘਰ ਤੋਂ ਆਪਣੇ ਪਿੰਡ ਨੂੰ ਬੁਲਾਇਆ। ਜਤਿਨ ਕਰੀਬ 6.30 ਵਜੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਚਲਾ ਗਿਆ। ਅੱਗੇ ਇਸ ਦੇ ਦੋਸਤ ਨੇ ਜਤਿਨ ਨੂੰ ਅਗਵਾਕਾਰ ਨੌਜਵਾਨ ਸੁਖਪਾਲ ਸਿੰਘ ਉਰਫ਼ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਦਬੋਟਾ ਥਾਣਾ ਨਾਲਾਗੜ੍ਹ (ਹਿ.ਪ੍ਰ) ਦੀ ਆਈ-20 ਕਾਰ ਨੰਬਰ ਐੱਚ. ਪੀ 12- 2688 ਵਿਚ ਇਹ ਕਹਿ ਕੇ ਬਿਠਾ ਦਿੱਤਾ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ, ਤੂੰ ਇਸ ਨਾਲ ਕਾਰ ਵਿਚ ਬੈਠ ਮੈਂ ਮਗਰ ਐਕਟਿਵਾ ’ਤੇ ਆਉਂਦਾ ਹਾਂ। ਜਤਿਨ ਕਾਰ ਵਿਚ ਬੈਠ ਕੇ ਲਾਡੀ ਨਾਲ ਚਲਾ ਗਿਆ। ਜਦੋਂ ਜਤਿਨ ਘਰ ਨਹੀਂ ਪੁੱਜਾ ਤਾਂ ਅਸੀਂ ਉਸ ਨੂੰ ਕਾਫ਼ੀ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਅਸੀਂ ਪੁਲਸ ਕੋਲ ਮਾਮਲਾ ਦਰਜ ਕਰਵਾ ਕੇ ਪੁਲਸ ਤੋਂ ਫੋਨ ਲੋਕੇਸ਼ਨ ਰਾਹੀਂ ਆਪਣੇ ਭਤੀਜੇ ਜਤਿਨ ਬਾਰੇ ਪਤਾ ਲਗਾਇਆ। ਜਦੋਂ ਅਸੀਂ ਪਿੰਡ ਫਤਿਹਪੁਰ ਬੁੰਗਾ ਭਾਖੜਾ ਨਹਿਰ ਦੀ ਪਟੜੀ ਨਜ਼ਦੀਕ ਪੁੱਜੇ ਤਾਂ ਸਾਨੂੰ ਨਹਿਰ ਦੇ ਕਿਨਾਰੇ ਇਕ ਕਾਰ ਖੜ੍ਹੀ ਵਿਖਾਈ ਦਿੱਤੀ ਜਦੋਂ ਅਸੀਂ ਉਸ ਕਾਰ ਦੇ ਪਿੱਛੇ ਆਪਣੀ ਗੱਡੀ ਲੈ ਕੇ ਪੁੱਜੇ ਤਾਂ ਸੁਖਪਾਲ ਉਰਫ਼ ਲਾਡੀ ਨੇ ਸਾਡੀ ਗੱਡੀ ਵੇਖ ਕੇ ਬਹੁਤ ਤੇਜ ਰਫ਼ਤਾਰ ਵਿਚ ਆਪਣੀ ਕਾਰ ਭਜਾ ਲਈ ਅਤੇ ਵੇਖਦੇ ਹੀ ਵੇਖਦੇ ਕਾਰ ਨੂੰ ਨਹਿਰ ਵਿਚ ਸੁੱਟ ਦਿੱਤਾ। ਸਾਡਾ ਮੁੰਡਾ ਕਾਰ ਦੀ ਅਗਲੀ ਤਾਕੀ ਤੋਂ ਆਪਣਾ ਅੱਧਾ ਸਰੀਰ ਬਾਹਰ ਨੂੰ ਕੱਢ ਕੇ ਖੜ੍ਹਾ ਹੋ ਗਿਆ, ਅਸੀਂ ਉਸ ਨੂੰ ਕਿਹਾ ਕਿ ਤੂੰ ਹੋਲੀ-ਹੋਲੀ ਕਾਰ ਦੀ ਛੱਤ 'ਤੇ ਆ ਜਾ ਪਰ ਉਸ ਨੇ ਕਿਹਾ ਕਿ ਲਾਡੀ ਮੇਰੀਆਂ ਲੱਤਾਂ ਨਹੀਂ ਛੱਡ ਰਿਹਾ । ਇਸ ਦੌਰਾਨ ਕਾਰ ਪਾਣੀ ਵਿਚ ਡੁੱਬਣ ਲਗ ਪਈ ਤਾਂ ਕਾਰ ਚਲਾ ਰਿਹਾ ਅਗਵਾਕਾਰ ਦੂਸਰੀ ਤਾਕੀ ਵੱਲ ਹੋ ਕੇ ਬਾਹਰ ਨੂੰ ਆ ਗਿਆ। ਇਸ ਦੌਰਾਨ ਕੋਈ ਵਿਅਕਤੀ ਲੰਮਾ ਬਾਂਸ ਲੈ ਕੇ ਆ ਗਿਆ, ਜਿਸ ਨੂੰ ਫੜ੍ਹ ਕੇ ਲਾਡੀ ਬਾਹਰ ਆ ਗਿਆ ਜਦਕਿ ਸਾਡਾ ਮੁੰਡਾ ਜਤਿਨ ਕਾਰ ਸਮੇਤ ਨਹਿਰ ਦੇ ਪਾਣੀ ਵਿਚ ਹੇਠਾਂ ਚਲਾ ਗਿਆ।

ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਕੀ ਕਹਿਣਾ ਹੈ ਨਾਲਾਗੜ੍ਹ ਦੇ ਡੀ. ਐੱਸ. ਪੀ. ਦਾ 
ਇਸ ਬਾਰੇ ਜਦੋਂ ਨਾਲਾਗੜ੍ਹ ਪੁਲਸ ਦੇ ਡੀ. ਐੱਸ. ਪੀ. ਮਨਵਿੰਦਰ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਮਪੁਰ ਪਸਵਾਲਾਂ ਦੇ ਵਸਨੀਕ ਹੇਮਰਾਜ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰ ਤੋਂ ਉਸ ਦੇ ਮੁੰਡੇ ਜਤਿਨ ਨੂੰ ਸੁਖਪਾਲ ਸਿੰਘ ਨਾਮ ਦਾ ਨੌਜਵਾਨ ਆਪਣੇ ਕਾਰ ਵਿਚ ਬਿਠਾ ਕੇ ਪੰਜਾਬ ਵਾਲੀ ਸਾਈਡ ਨੂੰ ਲੈ ਕੇ ਚਲਾ ਗਿਆ ਹੈ। ਇਨ੍ਹਾਂ ਦੀ ਕਾਰ ਦੇਰ ਸ਼ਾਮ ਪਿੰਡ ਫਤਿਹਪੁਰ ਬੁੰਗਾ ਨਜ਼ਦੀਕ ਨਹਿਰ ਵਿਚ ਡਿੱਗ ਪਈ ਸੀ, ਜਿਸ ਵਿਚ ਜਤਿਨ ਕਾਰ ਸਮੇਤ ਨਹਿਰ ਵਿਚ ਰੁੜ੍ਹ ਗਿਆ ਜਦਕਿ ਕਾਰ ਚਲਾ ਰਹੇ ਸੁਖਪਾਲ ਸਿੰਘ ਉਰਫ਼ ਲਾਡੀ ਨੂੰ ਲੋਕਾਂ ਨੇ ਨਹਿਰ ਤੋਂ ਬਾਹਰ ਕੱਢ ਲਿਆ, ਜਿਸ ਨੂੰ ਨਾਲਾਗੜ੍ਹ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਜਾਰੀ ਹੈ, ਜੇ ਇਸ ਮਾਮਲੇ ਵਿਚ ਹੋਰ ਕਿਸੇ ਦੀ ਵੀ ਮੌਜੂਦਗੀ ਪਾਈ ਗਈ ਤਾਂ ਉਨ੍ਹਾਂ ਨੂੰ ਵੀ ਇਸ ਕੇਸ ਵਿਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri