ਪੁਲਸ ਨੇ ਅਗਵਾ ਹੋਏ ਬੱਚੇ ਨੂੰ 6 ਘੰਟਿਆਂ ਵਿਚ ਕੀਤਾ ਬਰਾਮਦ , ਦੋਸ਼ੀ ਗ੍ਰਿਫਤਾਰ

04/17/2018 7:04:08 PM

ਮਮਦੋਟ ( ਸ਼ਰਮਾ, ਜਸਵੰਤ) : ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਜੋਧਪੁਰ ਤੋਂ ਅਗਵਾ ਹੋਏ ਇਕ ਬੱਚੇ ਨੂੰ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 6 ਘੰਟਿਆਂ ਦੇ ਅੰਦਰ ਹੀ ਲੁਧਿਆਣੇ ਤੋਂ ਬਰਾਮਦ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਦੇ ਇਕ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਕੋਲ ਅਸ਼ੋਕ ਪੁੱਤਰ ਸੱਤੂ ਵਾਸੀ ਲੱਗੜ ਕੱਟਾ ਥਾਣਾ ਪਲਾਸਮਨੀ ਜ਼ਿਲਾ ਅਰੀਆ ਬਿਹਾਰ ਕੰਮ ਕਰਦਾ ਸੀ ਅਤੇ ਨਾਲ ਹੀ ਸੁਨੀਤਾ ਵਿਧਵਾ ਰਾਜ ਵਾਸੀ ਬਿਹਾਰ ਇਹ ਵੀ ਉਸ ਕਿਸਾਨ ਦੇ ਕੋਲ ਮਿਹਨਤ ਮਜਦੂਰੀ ਕਰਦੇ ਸਨ। ਦੋਸ਼ੀ ਅਸ਼ੋਕ ਕੁਮਾਰ ਜੋ ਸੁਨੀਤਾ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਕਹਿੰਦਾ ਸੀ ਪਰ ਸੁਨੀਤਾ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ 'ਤੇ ਉਕਤ ਦੋਸ਼ੀ ਅਸ਼ੋਕ ਕੁਮਾਰ ਨੇ ਉਸ ਦੇ ਬੱਚੇ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।
ਪੁਲਸ ਸੂਤਰਾਂ ਮੁਤਾਬਕ ਦੋਸ਼ੀ ਅਸ਼ੋਕ ਕੁਮਾਰ ਮਿਤੀ 14-04-2018 ਨੂੰ ਸੁਨੀਤਾ ਦੇ ਲੜਕੇ ਸ਼ੰਕਰ ਨੂੰ ਵਰਗਲਾ ਕੇ ਅਗਵਾ ਕਰਕੇ ਆਪਣੇ ਨਾਲ ਲੁਧਿਆਣੇ ਲੈ ਗਿਆ ਅਤੇ ਸੁਨੀਤਾ ਨੂੰ ਫੋਨ 'ਤੇ ਲਗਾਤਾਰ ਲੁਧਿਆਣਾ ਆਉਣ ਲਈ ਕਿਹ ਰਿਹਾ ਸੀ ਅਤੇ ਵਿਆਹ ਨੂੰ ਕਰਵਾਉਣ ਦੀ ਸੂਰਤ ਵਿਚ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸ 'ਤੇ ਪੁਲਸ ਪਾਰਟੀ ਵੱਲੋਂ ਥਾਣਾ ਮਮਦੋਟ ਵਿਚ ਮੁਕੱਦਮਾ ਨੰਬਰ 43 ਮਿਤੀ:16-04-2018 ਅਧੀਨ ਧਾਰਾ 363, 364 ਏ., 383 ਦੋਸ਼ੀ ਅਸ਼ੋਕ ਕੁਮਾਰ ਖਿਲਾਫ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁਸ਼ਤੈਦੀ ਵਰਤਦੇ ਹੋਏ ਥਾਣਾ ਮੁੱਖੀ ਰਛਪਾਲ ਸਿੰਘ ਸਮੇਤ ਪੁਲਸ ਪਾਰਟੀ 6 ਘੰਟਿਆਂ ਦੇ ਅੰਦਰ-ਅੰਦਰ ਕਾਰਵਾਈ ਕਰਦੇ ਹੋਏ ਅਗਵਾ ਕੀਤਾ ਹੋਇਆ ਬੱਚਾ ਬਰਾਮਦ ਕਰ ਲਿਆ।