ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪੁੱਜੇ ਭਗਵੰਤ ਮਾਨ (ਵੀਡੀਓ)

05/25/2019 3:11:36 PM

ਸੰਗਰੂਰ/ਸ਼ੇਰਪੁਰ(ਸਿੰਗਲਾ) : ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੂਜੀ ਵਾਰ ਜਿੱਤ ਦਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ 'ਚ ਰੱਖਣ ਲਈ ਅੱਜ ਆਪਣਾ ਕਾਫਲਾ ਸੰਗਰੂਰ ਤੋਂ ਖਟਕੜ ਕਲਾਂ ਲਈ ਰਵਾਨਾ ਕਰਦਿਆਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਮੇਤ ਉਨ੍ਹਾਂ ਨਾਲ ਗਏ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਮਾਨ ਦੇ ਸੱਦੇ 'ਤੇ ਬਸੰਤੀ ਰੰਗ (ਸਰ੍ਹੋਂ ਫੁੱਲਾਂ) ਦੀਆਂ ਸੁੰਦਰ ਦਸਤਾਰਾਂ ਸਜਾਈਆਂ ਹੋਈਆਂ ਸਨ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੁੱਜ ਕੇ ਆਪਣੀ ਜਿੱਤ ਦਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ 'ਚ ਰੱਖਿਆ ਅਤੇ ਸੱਜਦਾ ਕੀਤਾ। ਉਨ੍ਹਾਂ ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਅਹਿਦ ਕੀਤਾ। ਸ਼੍ਰੀ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਅੱਜ ਇਥੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਗੱਲ ਨਹੀਂ ਕਰਨਗੇ, ਕਿਉਂਕਿ ਰਾਜਨੀਤਕ ਗੱਲਾਂ ਇਨ੍ਹਾਂ ਸ਼ਹੀਦਾਂ ਦੇ ਹਾਣ ਦੀਆਂ ਨਹੀਂ ਹਨ। ਮਾਨ ਨੇ ਕਿਹਾ ਕਿ ਜਿਨ੍ਹਾਂ ਗੋਰਿਆਂ ਨੂੰ ਭਜਾਉਣ ਲਈ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਨ੍ਹਾਂ ਗੋਰਿਆਂ ਦੇ ਮੁਲਕਾਂ ਵਿਚ ਦਿਹਾੜੀਆਂ ਕਰਨ ਲਈ ਸਾਡੇ ਨੌਜਵਾਨ ਲੱਖਾਂ, ਕਰੋੜਾਂ ਰੁਪਏ ਖਰਚ ਕਰ ਕੇ ਭੱਜ ਰਹੇ ਹਨ, ਕਿਉਂਕਿ ਦੇਸ਼ ਆਜ਼ਾਦ ਹੋਣ ਦੇ 72 ਸਾਲਾਂ ਬਾਅਦ ਵੀ ਸਾਡੇ ਲੀਡਰਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ। ਉਨ੍ਹਾਂ ਅੱਗੇ ਕਿਹਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਲਈ ਉਹ ਲੋਕ ਸਭਾ ਵਿਚ ਮੁੱਦਾ ਰੱਖਣਗੇ।

ਮ੍ਰਿਤਕ ਦੀ ਲਾਸ਼ ਵਿਦੇਸ਼ ਤੋਂ ਮੰਗਵਾਉਣ ਲਈ ਪਰਿਵਾਰ ਮਿਲਿਆ ਮਾਨ ਨੂੰ - ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਇਕ ਪਰਿਵਾਰ ਵੱਲੋਂ ਵਿਦੇਸ਼ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋ ਜਾਣ ਕਾਰਨ ਮ੍ਰਿਤਕ ਦੀ ਲਾਸ਼ ਮੰਗਵਾਉਣ ਲਈ ਫਰਿਆਦ ਕੀਤੀ। ਜਿਸ 'ਤੇ ਸ਼੍ਰੀ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇ ਪਾਸਪੋਰਟ ਦੀ ਕਾਪੀ ਅਤੇ ਉਸਦੇ ਕਿਸੇ ਮਿੱਤਰ ਦਾ ਸੰਪਰਕ ਨੰਬਰ ਦੇਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਉਹ ਮ੍ਰਿਤਕ ਦੀ ਲਾਸ਼ ਵਤਨ ਵਾਪਸੀ ਲਈ ਹਰ ਸੰਭਵ ਯਤਨ ਕਰਨਗੇ। ਮਾਨ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਦੇਸ਼ ਦੀ ਜਵਾਨੀ ਵਿਦੇਸ਼ਾਂ ਵਿਚ ਰੁਲ ਰਹੀ ਹੈ।

ਖੇੜੀ ਕਲਾਂ ਤੋਂ ਗਏ ਨੌਜਵਾਨ - ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਖੇੜੀ ਕਲਾਂ ਤੋਂ ਅੱਜ ਸਵੇਰੇ ਵੱਡੀ ਗਿਣਤੀ ਨੌਜਵਾਨਾਂ ਦਾ ਕਾਫਲਾ ਬਸੰਤੀ ਰੰਗ ਦੀਆਂ ਦਸਤਾਰਾਂ ਸਜਾ ਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਇਆ। ਇਹ ਨੌਜਵਾਨ ਆਪਣੇ ਵੱਖ-ਵੱਖ ਵਹੀਕਲਾਂ 'ਤੇ ਰਵਾਨਾ ਹੋਏ ਅਤੇ ਉਨ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਆਕਾਸ਼ ਗੂੰਜਦੇ ਨਾਅਰੇ ਵੀ ਲਗਾਏ। ਇਸ ਤੋਂ ਇਲਾਵਾ ਸ਼ੇਰਪੁਰ, ਧੂਰੀ ਅਤੇ ਵੱਖ-ਵੱਖ ਹਲਕਿਆਂ ਤੋਂ ਵੀ ਵੱਡੀ ਗਿਣਤੀ 'ਚ ਨੌਜਵਾਨ ਖਟਕੜ ਕਲਾਂ ਵਿਖੇ ਪੁੱਜੇ।

cherry

This news is Content Editor cherry