ਸ਼ੋਰੀ ਦੇ ਪਿਤਾ ਬੋਲੇ- ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਹੱਤਿਆਰੇ ਨੂੰ ਕਿਵੇਂ ਜਾਰੀ ਹੋਇਆ ਰਿਵਾਲਵਰ?

03/31/2019 11:49:47 AM

ਖਰੜ/ਪੰਚਕੂਲਾ(ਰਣਬੀਰ,ਚੰਦਨ) : ਬੀਤੇ ਕੱਲ ਡਰੱਗਜ਼ ਜ਼ੋਨਲ ਲਾਇਸੈਂਸਿੰਗ ਅਥਾਰਟੀ ਦੀ ਮਹਿਲਾ ਅਧਿਕਾਰੀ ਡਾ. ਨੇਹਾ ਸ਼ੋਰੀ ਦੇ ਦਰਦਨਾਕ ਕਤਲ ਮਗਰੋਂ ਕਾਤਲ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਵਲੋਂ ਖੁਦ ਨੂੰ ਵੀ ਗੋਲੀ ਮਾਰ ਮੌਤ ਦੇ ਘਾਟ ਉਤਾਰ ਲਿਆ ਗਿਆ ਸੀ। ਸ਼ਨੀਵਾਰ ਸਵੇਰੇ 10 ਵਜੇ ਡਾ. ਸ਼ੋਰੀ ਤੇ ਦੁਪਹਿਰ 2.30 ਵਜੇ ਕਾਤਲ ਬਲਵਿੰਦਰ ਸਿੰਘ ਦਾ ਸਿਵਲ ਹਸਪਤਾਲ ਖਰੜ ਵਿਖੇ ਐੱਸ. ਐੱਮ. ਓ. ਖਰੜ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਪੋਸਟਮਾਰਟਮ ਕਰ ਕੇ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਡਾਕਟਰਾਂ ਮੁਤਾਬਕ ਡਾ. ਸ਼ੋਰੀ ਦੇ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਛਾਤੀ, ਇਕ ਪੇਟ ਦੇ ਹੇਠਲੇ ਹਿੱਸੇ ਤੇ 2 ਬਾਂਹਾਂ ਨੂੰ ਛੂੰਹਦੀਆਂ ਹੋਈਆਂ ਕੰਧ ਵਾਲੇ ਪਾਸੇ ਜਾ ਲੱਗੀਆਂ ਸਨ ਜਦੋਂਕਿ ਕਾਤਲ ਬਲਵਿੰਦਰ ਸਿੰਘ ਦੇ ਇਕ ਮੱਥੇ ਤੇ ਇਕ ਛਾਤੀ ਵਿਚ ਲੱਗੀ।

ਰਿ. ਕੈਪਟਨ ਕੈਲਾਸ਼ ਸ਼ੋਰੀ, ਜੋ ਕਿ ਡਾ. ਨੇਹਾ ਦੇ ਪਿਤਾ ਹਨ, ਨੇ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਈਮਾਨਦਾਰੀ ਨਾਲ ਕੰਮ ਕਰਨ ਦੀ ਸਜ਼ਾ ਮੇਰੀ ਧੀ ਨੂੰ ਇਸ ਤਰ੍ਹਾਂ ਮਿਲੇਗੀ। ਡਾ. ਨੇਹਾ ਨੂੰ ਧਮਕੀ ਦੀ ਕਾਲ ਆਉਂਦੀ ਜ਼ਰੂਰ ਸੀ ਪਰ ਇਸ ਦਾ ਸਿੱਟਾ ਇੰਨਾ ਵੱਡਾ ਨਿਕਲੇਗਾ, ਅਜਿਹਾ ਕਦੇ ਉਨ੍ਹਾਂ ਦੇ ਜਹਿਨ ਤਕ ਵਿਚ ਨਹੀਂ ਸੀ ਆਇਆ। ਉਨ੍ਹਾਂ ਕਿਹਾ ਕਿ ਮੁਲਜ਼ਮ ਬਲਵਿੰਦਰ ਸਿੰਘ ਨੂੰ ਰੂਪਨਗਰ ਪ੍ਰਸ਼ਾਸਨ ਵਲੋਂ 12 ਮਾਰਚ ਨੂੰ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਗਿਆ, ਜਦਕਿ ਚੋਣ ਜ਼ਾਬਤਾ ਦੇਸ਼ ਭਰ ਵਿਚ 10 ਮਾਰਚ ਨੂੰ ਲੱਗ ਚੁੱਕਾ ਸੀ। ਪ੍ਰਸ਼ਾਸਨ ਨੇ ਅਸਲਾ ਜਮ੍ਹਾ ਕਰਵਾਉਣ ਦੀ ਥਾਂ ਕਾਤਲ ਨੂੰ ਖੁਦ 32 ਬੋਰ ਦਾ ਲਾਇਸੈਂਸ ਦੇ ਦਿੱਤਾ। ਉਨ੍ਹਾਂ ਕਿਹਾ 12 ਮਾਰਚ ਨੂੰ ਹੀ ਬਲਵਿੰਦਰ ਸਿੰਘ ਨੇ ਰਿਵਾਲਵਰ ਖਰੀਦਿਆ ਸੀ, ਇਸ ਦੇ ਨਾਲ ਹੀ ਉਸ ਨੇ 20 ਕਾਰਤੂਸ ਵੀ ਖਰੀਦੇ। ਕੋਈ ਵੀ ਗੰਨ ਹਾਊਸ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਕੋਈ ਹਥਿਆਰ ਨਹੀਂ ਵੇਚ ਸਕਦਾ ਪਰ ਇਸ ਸਭ ਦੇ ਬਾਵਜੂਦ ਰੋਪੜ ਦੇ ਇਕ ਗੰਨ ਹਾਊਸ ਵਲੋਂ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪ੍ਰਵਾਹੀ ਕਾਰਨ ਬਲਵਿੰਦਰ ਸਿੰਘ ਨੂੰ ਹਥਿਆਰ ਅਤੇ ਕਾਰਤੂਸ ਵੇਚੇ ਗਏ, ਜਿਸ ਨਾਲ ਉਸ ਨੇ ਨੇਹਾ ਨੂੰ ਕਤਲ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੀ ਵਜ੍ਹਾ ਪਿਛਲੇ 10 ਸਾਲ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਪਰ ਉਹ ਇਸ ਨਾਲ ਸਹਿਮਤ ਨਹੀਂ ਹਨ, ਹੁਣ ਭਾਵੇਂ ਜੋ ਕੁਝ ਮਰਜ਼ੀ ਹੋਈ ਜਾਵੇ ਕੋਈ ਫਾਇਦਾ ਨਹੀਂ ਕਿਉਂਕਿ ਉਹ ਆਪਣੀ ਇਕ ਬੇਹੱਦ ਲਾਇਕ ਬੇਟੀ ਨੂੰ ਖੋਹ ਚੁੱਕੇ ਹਨ। ਇਹ ਇਕ ਸਾਜ਼ਿਸ਼ ਦਾ ਨਤੀਜਾ ਹੈ, ਜਿਸ ਦੀ ਜਾਂਚ ਹਰ ਹਾਲ 'ਚ ਹੋਣੀ ਲਾਜ਼ਮੀ ਹੈ।

ਡੈਡੀ ਕੋਲ ਪਿਸਤੌਲ ਹੈ, ਇਸ ਬਾਰੇ ਪਤਾ ਨਹੀਂ ਸੀ : ਸਿਮਰਨ
ਉਥੇ ਹੀ ਮ੍ਰਿਤਕ ਬਲਵਿੰਦਰ ਸਿੰਘ ਦੇ ਬੇਟੇ ਨੇ ਕਿਹਾ ਕਿ ਡੈਡੀ ਕੋਲ ਲਾਇਸੈਂਸੀ ਜਾਂ ਬਿਨਾਂ ਲਾਇਸੈਂਸੀ ਰਿਵਾਲਵਰ ਹੈ, ਇਸ ਬਾਰੇ ਘਰ ਦੇ ਕਿਸੇ ਵੀ ਜੀਅ ਨੂੰ ਭਿਣਕ ਤਕ ਨਹੀਂ ਸੀ। ਡੈਡੀ ਨੇ ਬੀ. ਏ. ਐੱਮ. ਐੱਸ. ਕੀਤੀ ਸੀ ਤੇ ਦੁਕਾਨ ਸੀਲ ਹੋਣ ਮਗਰੋਂ ਉਨ੍ਹਾਂ ਨਿੱਜੀ ਹਸਪਤਾਲ ਸ਼ੁਰੂ ਕੀਤਾ ਪਰ ਉਹ ਵੀ ਨਾ ਚੱਲਿਆ, ਪਿਛਲੇ ਕੁਝ ਸਮੇਂ ਤੋਂ ਉਹ ਕੁਰਾਲੀ ਦੇ ਇਕ ਨਿੱਜੀ ਹਸਪਤਾਲ 'ਚ ਅਸਿਸਟੈਂਟ ਡਾਕਟਰ ਵਜੋਂ ਕੰਮ ਕਰ ਰਹੇ ਸਨ। ਸਿਮਰਨ ਮੁਤਾਬਕ ਉਹ ਕਾਫੀ ਸਮੇਂ ਤੋਂ ਨੋਟ ਕਰਦਾ ਆ ਰਿਹਾ ਸੀ ਕਿ ਕੰਮ ਕਾਰਨ ਉਸ ਦੇ ਪਿਤਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸਨ। ਵੀਰਵਾਰ ਰਾਤ ਨੂੰ ਉਹ ਡਿਊਟੀ 'ਤੇ ਨਹੀਂ ਸਨ ਗਏ, ਵਾਰਦਾਤ ਵਾਲੇ ਦਿਨ ਮੈਂ ਉਨ੍ਹਾਂ ਨੂੰ ਨਹੀਂ ਮਿਲਿਆ ਕਿਉਂਕਿ ਉਹ ਸਵੇਰੇ ਜਲਦੀ ਘਰੋਂ ਨਿਕਲ ਗਏ ਸਨ। ਇਸਦੇ ਮਗਰੋਂ ਜੋ ਕੁਝ ਵੀ ਵਾਪਰਿਆ, ਇਸਦੀ ਜਾਣਕਾਰੀ ਉਨ੍ਹਾਂ ਨੂੰ ਟੀ. ਵੀ., ਸੋਸ਼ਲ ਮੀਡੀਆ ਤੇ ਪੁਲਸ ਦੇ ਘਰ ਪੁੱਜਣ 'ਤੇ ਮਿਲੀ।

ਬਲਵਿੰਦਰ ਕਰ ਰਿਹਾ ਸੀ ਕਈ ਦਿਨਾਂ ਤੋਂ ਰੇਕੀ
ਵਾਰਦਾਤ ਵਾਲੇ ਦਿਨ ਲੈਬ ਅੰਦਰ ਇਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਸੀ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਕਈ ਦਿਨਾਂ ਤੋਂ ਹਸਪਤਾਲ ਕੈਂਪਸ ਅੰਦਰ ਘੁੰਮਦਾ ਜਾਂ ਰੈਕੀ ਕਰਦਾ ਨਜ਼ਰ ਆ ਰਿਹਾ ਸੀ। ਲੈਬ ਦੇ ਮੇਨ ਗੇਟ ਅਤੇ ਅੰਦਰਲੇ ਗੇਟ ਉਤੇ ਕੋਈ ਸਕਿਓਰਟੀ ਚੈੱਕ ਨਹੀਂ ਸੀ ਪਰ ਫਿਰ ਵੀ ਬਲਵਿੰਦਰ ਸਿੰਘ ਪਿਛਲੇ ਗੇਟ ਤੋਂ ਪਾਰਟੀ ਦਾ ਪ੍ਰਬੰਧ ਕਰ ਰਹੇ ਕੈਟਰਿੰਗ ਵਾਲਿਆਂ ਦੇ ਨਾਲ ਪੌੜ੍ਹੀਆਂ ਚੜ੍ਹ ਕੇ ਰੂਮ ਨੰਬਰ 211 ਤਕ ਪੁੱਜਿਆ, ਜਿਥੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਅਸਲਾ ਲਾਇਸੈਂਸ ਜਾਰੀ ਹੋਣ ਤੋਂ ਪਹਿਲਾਂ ਜਿਵੇਂ ਕਿ ਅਪਲਾਈ ਕਰਨ ਵਾਲੇ ਵਿਅਕਤੀ ਦਾ ਜ਼ਿਲਾ ਪੱਧਰ ਦੇ ਸਰਕਾਰੀ ਹਸਪਤਾਲ ਅੰਦਰ ਡੋਪ ਟੈਸਟ ਕੀਤਾ ਜਾਂਦਾ ਹੈ। ਉਸ ਦੀ ਰਿਪੋਰਟ ਸਹੀ ਪਾਏ ਜਾਣ ਮਗਰੋਂ ਡੀ. ਸੀ. ਆਫਿਸ ਅੰਦਰ ਅਪਲਾਈ ਕੀਤਾ ਜਾਂਦਾ ਹੈ ਤੇ ਉਥੋਂ ਦੀ ਐੱਸ. ਐੱਸ. ਪੀ. ਆਫਿਸ, ਇਸਦੇ ਮਗਰੋਂ ਸਬੰਧਤ ਥਾਣੇ ਦੀ ਵੈਰੀਫਿਕੇਸ਼ਨ, ਜਿਸ ਤੋਂ ਬਾਅਦ ਡੀ. ਐੱਸ. ਪੀ. ਆਫਿਸ ਤੋਂ ਰਿਪੋਰਟ ਮੁੜ ਐੱਸ. ਐੱਸ. ਪੀ. ਦਫਤਰ ਫਾਈਲ ਜਾਂਦੀ ਹੈ, ਜਿਸ ਤੋਂ ਬਾਅਦ ਮੁੜ ਡੀ. ਸੀ. ਆਫਿਸ ਵਲੋਂ ਸਾਰੀਆ ਸ਼ਰਤਾਂ ਪੂਰੀਆਂ ਹੋਣ ਮਗਰੋਂ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।

ਰੂਪਨਗਰ ਡੀ. ਸੀ. ਦਫਤਰ ਨੇ ਜਾਰੀ ਕੀਤਾ ਸੀ ਲਾਇਸੈਂਸ
ਬਲਵਿੰਦਰ ਸਿੰਘ ਵਲੋਂ ਇਹ ਲਾਇਸੈਂਸ ਕਦੋਂ ਅਪਲਾਈ ਕੀਤਾ ਗਿਆ, ਕਿਹੜੇ ਹਾਲਾਤ ਵਿਚੋਂ ਉਸ ਦੀ ਫਾਈਲ ਸਾਰੇ ਪਾਸਿਓਂ ਓ. ਕੇ. ਹੁੰਦੀ ਹੋਈ ਅਖੀਰ ਲਾਇਸੈਂਸ ਦੇ ਰੂਪ ਵਿਚ ਡੀ. ਸੀ. ਦਫਤਰ ਰੋਪੜ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਦੋ ਦਿਨਾਂ ਬਾਅਦ ਯਾਨੀ 12 ਮਾਰਚ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ, ਇਹ ਸਾਰੇ ਜਾਂਚ ਦੇ ਪਹਿਲੂ ਹਨ ਜਿਸਦੀ ਜੇਕਰ ਬਾਰੀਕੀ ਨਾਲ ਜਾਂਚ ਹੁੰਦੀ ਹੈ ਤਾਂ ਕਈਆਂ ਦੇ ਚਿਹਰੇ ਬੇਨਕਾਬ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਡੀ. ਸੀ. ਰੂਪਨਗਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਰਾਹੀਂ ਸੰਪਰਕ ਨਹੀਂ ਹੋ ਸਕਿਆ।

ਵੀ. ਨੀਰਜਾ ਆਈ. ਜੀ. ਰੂਪਨਗਰ ਰੇਂਜ ਨੇ ਕਿਹਾ ਜੋ ਵੀ ਵਾਪਰਿਆ ਹੈ, ਬੇਹੱਦ ਦੁਖਦ ਹੈ। ਲਾਇਸੈਂਸ ਡੀ. ਸੀ. ਆਫਿਸ ਵਲੋਂ ਜਾਰੀ ਕੀਤਾ ਗਿਆ ਹੈ। ਇਸ ਦੇ ਜਾਰੀ ਹੋਣ ਪਿੱਛੋਂ ਹਰ ਇਕ ਕੜੀ ਨੂੰ ਜੋੜ ਕੇ ਉਸ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਹਿੱਸੇ ਵਜੋਂ ਪੁਲਸ ਪੱਧਰ 'ਤੇ ਜੋ ਕੋਈ ਖਾਮੀ ਰਹੀ ਹੈ ਤਾਂ ਇਸ ਨਾਲ ਸਬੰਧਤ ਹਰ ਸਖਸ਼ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇਗਾ।

ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਆਪਣੀ ਲਾਡਲੀ ਨੇਹਾ ਨੂੰ ਅੰਤਿਮ ਵਿਦਾਇਗੀ
ਡਾ. ਨੇਹਾ ਸ਼ੋਰੀ ਦੀ ਮ੍ਰਿਤਕ ਦੇਹ ਜਦੋਂ ਪੰਚਕੂਲਾ ਦੇ ਸੈਕਟਰ-6 ਸਥਿਤ ਉਨ੍ਹਾਂ ਦੇ ਘਰ ਲਿਆਂਦੀ ਗਈ ਤਾਂ ਪਰਿਵਾਰ ਦੁੱਖ ਨਾਲ ਕੁਰਲਾਅ ਉਠਿਆ। ਨੇਹਾ ਦੇ ਭਰਾ ਸੈਕਟਰ-12 ਨਿਵਾਸੀ ਨਿਸ਼ਾਂਤ ਸ਼ੋਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਫੌਜ ਵਿਚ ਰਹਿੰਦੇ ਹੋਏ ਦੇਸ਼ ਸੇਵਾ ਕੀਤੀ ਤੇ ਹੁਣ ਭੈਣ ਨੇ ਫਰਜ਼ ਲਈ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਪਿਤਾ ਨੂੰ ਆਦਰਸ਼ ਮੰਨ ਕੇ ਸਰਕਾਰੀ ਨੌਕਰੀ ਜੁਆਇਨ ਕੀਤੀ ਸੀ। ਨਿਸ਼ਾਂਤ ਨੇ ਦੱਸਿਆ ਕਿ ਭੈਣ ਦੇ ਨਾਲ ਬਤੀਤ ਕੀਤੇ ਪਲਾਂ ਨੂੰ ਉਹ ਕਦੇ ਵੀ ਨਹੀਂ ਭੁੱਲ ਸਕਣਗੇ। ਸ਼ਾਮ 4 ਵਜੇ ਡਾ. ਨੇਹਾ ਦਾ ਅੰਤਿਮ ਸੰਸਕਾਰ ਮਨੀਮਾਜਰਾ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਪਤੀ ਨੇ ਦਿੱਤੀ।
 

cherry

This news is Content Editor cherry