ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ

04/22/2019 4:43:12 AM

ਖੰਨਾ (ਇਕਬਾਲ)-ਗੁਰੂ ਹਰਿਕ੍ਰਿਸ਼ਨ ਗਰਲਜ਼ ਕਾਲਜ ਫੱਲੇਵਾਲ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕੁਲਵੰਤ ਸਿੰਘ ਟਰੈਫਿਕ ਇੰਚਾਰਜ ਅਹਿਮਦਗਡ਼੍ਹ, ਹਰਦੇਵ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਸੰਗਰੂਰ ਅਤੇ ਹੌਲਦਾਰ ਕਰਨੈਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਡਾਇਰੈਕਟਰ ਡਾ. ਏ. ਏ. ਖਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕੁਲਵੰਤ ਸਿੰਘ ਟਰੈਫਿਕ ਇੰਚਾਰਜ ਅਹਿਮਦਗਡ਼੍ਹ, ਹਰਦੇਵ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਸੰਗਰੂਰ ਨੇ ਕਾਲਜ ਬੱਸਾਂ ਦੇ ਡਰਾਈਵਰਾਂ, ਸਟਾਫ ਅਤੇ ਵਿਦਿਆਰਥਣਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਵਾਹਨ ਚਲਾਉਣ ਵਾਲੇ ਹਰ ਵਿਅਕਤੀ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਹਰ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ ਅਤੇ ਲਾਇਸੈਂਸ ਬਣਨ ਉਪਰੰਤ ਹੀ ਡਰਾਈਵਰੀ ਸਿੱਖ ਕੇ ਵਹੀਕਲ ਚਲਾਉਣ। ਉਨ੍ਹਾਂ ਕਿਹਾ ਕਿ ਸਡ਼ਕ ’ਤੇ ਚਲਦੇ ਸਮੇਂ ਵਾਹਨ ਦੀ ਸਪੀਡ ਆਪਣੇ ਕੰਟਰੋਲ ’ਚ ਰੱਖਣੀ ਚਾਹੀਦੀ ਹੈ ਅਤੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅੱਗੇ ਅਤੇ ਪਿੱਛੇ ਚੰਗੀ ਤਰ੍ਹਾਂ ਦੇਖ ਕੇ ਓਵਰਟੇਕ ਕਰੋ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਹੀ ਅਸੀਂ ਸਡ਼ਕੀ ਹਾਦਸਿਆਂ ਤੋਂ ਬਚ ਸਕਦੇ ਹਾਂ। ਇਸ ਮੌਕੇ ਐੱਮ. ਡੀ. ਗੁਰਮਤਪਾਲ ਸਿੰਘ ਵਾਲੀਆ ਅਤੇ ਡਾਇਰੈਕਟਰ ਡਾ. ਏ. ਏ. ਖਾਨ ਵਲੋਂ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋ. ਹਰਦੇਵ ਸਿੰਘ, ਮਨਜਿੰਦਰ ਕੌਰ, ਵਿਸ਼ਾਖਾ, ਰਵੀਨਾ, ਅਮਿਤ ਆਦਿ ਹਾਜ਼ਰ ਸਨ।