ਪ੍ਰੇਮੀ ਨੇ ਬਲੇਡ ਨਾਲ ਕੱਟੀ ਆਪਣੀ ਗਰਦਨ

01/23/2019 10:12:33 AM

ਖੰਨਾ (ਸੁਨੀਲ )-ਇਕ ਪ੍ਰੇਮੀ ਵਲੋਂ ਬਲੇਡ ਨਾਲ ਆਪਣੀ ਗਰਦਨ ਕੱਟਣ ਦੀ ਖਬਰ ਹੈ। ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਗਰਦਨ ’ਤੇ ਟਾਂਕੇ ਲਾ ਕੇ ਖੂਨ ਦੇ ਵਹਾਅ ਨੂੰ ਰੋਕਿਆ। ਹਸਪਤਾਲ ਅਧਿਕਾਰੀਆਂ ਵਲੋਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਹੋਏ ਲਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਖੰਨਾ ਦੀ ਮਾਂ ਜਗਜੀਤ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਇਕ ਦਰਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਹੈ। ਲਗਭਗ ਇਕ ਸਾਲ ਪਹਿਲਾਂ ਉਸ ਦਾ ਕਿਸੇ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਲੜਕੀ ਕਿਸੇ ਹੋਰ ਧਰਮ ਦੀ ਹੋਣ ਕਾਰਨ ਲਵਪ੍ਰੀਤ ਨੂੰ ਇਹ ਡਰ ਸਤਾਅ ਰਿਹਾ ਸੀ ਕਿ ਲੜਕੀ ਦੇ ਮਾਪੇ ਉਸ ਨਾਲ ਵਿਆਹ ਨਹੀਂ ਕਰਨਗੇ, ਜਿਸ ਕਾਰਨ ਉਸਦੇ ਲੜਕੇ ਨੇ ਸ਼ੇਵਿੰਗ ਬਲੇਡ ਨਾਲ ਆਪਣੀ ਗਰਦਨ ਨੂੰ ਕੱਟ ਲਿਆ। ਖੂਨ ਨਾਲ ਲੱਥਪੱਥ ਹਾਲਤ ’ਚ ਉਸਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਲੜਕੇ ਦੀ ਮਾਂ ਨੇ ਕਿਹਾ ਕਿ ਉਹ ਹੁਣ ਵੀ ਲੜਕੀ ਨਾਲ ਆਪਣੇ ਲੜਕੇ ਦਾ ਵਿਆਹ ਕਰਨ ਨੂੰ ਤਿਆਰ ਹੈ ਪਰ ਉਸ ’ਚ ਲੜਕੀ ਦੇ ਮਾਪਿਆਂ ਦੀ ਰਜ਼ਾਮੰਦੀ ਹੋਣੀ ਚਾਹੀਦੀ ਹੈ। ਇਸ ਸਬੰਧੀ ਸਿਟੀ ਥਾਣਾ-2 ’ਚ ਸਬੰਧਤ ਆਈ. ਓ. ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਲੜਕੇ ਦੀ ਮਾਂ ਨਾਲ ਜਦੋਂ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸਦੇ ਲੜਕੇ ਨੇ ਵਿਆਹ ਨਾ ਹੋਣ ਦੀ ਹਾਲਤ ’ਚ ਇਹ ਕਦਮ ਚੁੱਕਿਆ ਹੈ।

Related News