ਖਾਲਸੇ ਦੀ ਚੜ੍ਹਦੀ ਕਲਾ ਅਤੇ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’

03/10/2020 8:23:12 AM

ਜਲੰਧਰ – ਭਾਰਤ ਦੇਸ਼ ਤਿਓਹਾਰਾਂ ਦਾ ਦੇਸ਼ ਹੈ, ਇੱਥੇ ਹਰ ਰੋਜ਼ ਕੋਈ ਨਾ ਕੋਈ ਤਿਓਹਾਰ ਹੁੰਦਾ ਹੈ। ਕਈ ਤਿਓਹਾਰ ਧਾਰਮਿਕ ਅਤੇ ਕਈ ਸਮਾਜਿਕ ਭਾਵ ਮੌਸਮ ਬਦਲਣ ਦੇ ਮੌਕੇ ਨਾਲ ਜੋੜ ਕੇ ਸ਼ੁਰੂ ਕੀਤੇ ਗਏ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਦੀਵਾਲੀ, ਦੁਸਹਿਰਾ,ਲੋਹੜੀ ਵਿਸਾਖੀ ਅਤੇ ਹੋਲੀ ਪ੍ਰਮੁੱਖ ਹਨ ਪਰ ਸਿੱਖ ਕੌਮ ਵੱਲੋਂ ਹੋਲੀ ਦੀ ਥਾਂ ਹੋਲੇ ਮਹੱਲੇ ਦਾ ਤਿਓਹਾਰ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦਾ ਪ੍ਰਤੀਕ ਤਿਉਹਾਰ ਹੈ। ਹੋਲੀ ਤੋਂ ਪਹਿਲਾਂ ਸ਼ੁਰੂ ਹੋ ਕੇ ਹੋਲੀ ਤੋਂ ਅਗਲੇ ਦਿਨ ਤੱਕ ਹੋਲਾ ਮਹੱਲਾ ਮੁੱਖ ਰੂਪ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਆਰੰਭ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਵਿਚ ਕੀਤਾ। ਭਾਈ ਵੀਰ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਹੋਲਾ ਮਹੱਲਾ ਦੇ ਅੱਖਰੀ ਅਰਥ ਕਰਦਿਆਂ ਲਿਖਿਆ ਹੈ ਕਿ ਹੋਲਾ ਦਾ ਮਤਲਬ ਹੈ ਹੱਲਾ ਅਤੇ ਮਹੱਲਾ ਦਾ ਮਤਲਬ ਮਹਾਂ ਹੱਲਾ। ਦਸਵੇਂ ਪਾਤਸ਼ਾਹ ਨੇ ਕਿਲ੍ਹਾ ਹੋਲ ਗੜ੍ਹ ਤੋਂ ਇਸ ਤਿਓਹਾਰ ਦਾ ਆਰੰਭ ਕੀਤਾ। ਉਹਨਾਂ ਨੇ ਹਥਿਆਰਾਂ ਨਾਲ ਲੈਸ ਖਾਲਸਾ ਫੌਜ ਦੇ ਦੋ ਦਲ ਬਣਾ ਕੇ ਯੁੱਧ ਅਭਿਆਸ ਕਰਵਾਇਆ ਅਤੇ ਜਿੱਤਣ ਵਾਲੇ ਦਲ ਨੂੰ ਸਿਰੋਪਾਉ ਅਤੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਦੂਜੇ ਉੱਪਰ ਰੰਗ ਸੁੱਟ ਕੇ ਮਨਾਏ ਜਾਣ ਵਾਲੀ ਹੋਲੀ ਖੇਡਣ ਦੀ ਥਾਂ ਹੋਲਾ ਮਹੱਲਾ ਮਨਾਉਣ ਦੀ ਹਦਾਇਤ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਿਕ ਵੀ ਲਾਲ ਗੁਲਾਲ ਵਾਲੀ ਹੋਲੀ ਦੀ ਥਾਂ ਅਧਿਆਤਮਿਕ ਰੰਗਤ ਵਾਲੀ ਹੋਲੀ ਦਾ ਜ਼ਿਕਰ ਆਉਂਦਾ ਹੈ।

ਗੁਰਬਾਣੀ ਦਾ ਕਥਨ ਹੈ,,"ਹੋਲੀ ਕੀਨੀ ਸੰਤ ਸੇਵ ।। ਰੰਗੁ ਲਾਗਾ ਅਤਿ ਲਾਲ ਦੇਵ '।। 

ਭਾਵ ਸੰਤ (ਗੁਰੂ) ਦੀ ਸੇਵਾ ਕਰਕੇ ਅਜਿਹੀ ਹੋਲੀ ਮਨਾਈ ਜਿਸ ਨਾਲ ਦੁਨਿਆਵੀ ਲਾਲ ਰੰਗ ਤੋਂ ਕਿਤੇ ਵੱਧ ਲਾਲ ਅਧਿਆਤਮਿਕ ਦੈਵੀ ਰੰਗ ਚੜ੍ਹ ਗਿਆ।ਹੁਣ ਅਸੀਂ ਇੱਥੇ ਇਹ ਨਹੀਂ ਕਹਾਂਗੇ ਕਿ ਹੋਲੀ ਨੂੰ ਨਕਾਰਿਆ ਗਿਆ ਹੈ ਕਿਉਂਕਿ ਸਿੱਖ ਧਰਮ ਦਾ ਨਿਵੇਕਲਾਪਣ ਹੀ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਕਿਸੇ ਵੀ ਧਰਮ ਦੀ ਰਵਾਇਤ ਨੂੰ ਨਕਾਰੇ ਬਿਨਾਂ ਹੀ ਕਰਮ ਕਾਂਡਾਂ ਜਾਂ ਰਵਾਇਤਾਂ ਅੰਦਰ ਸਾਰਥਿਕ ਢੰਗ ਨਾਲ ਬਦਲਾਓ ਲਿਆਂਦਾ। ਹੋਲੀ ਦਾ ਤਿਉਹਾਰ ਭਾਰਤ ਵਰਸ ਵਿੱਚ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਹੈ।

ਪੜ੍ਹੋਂ ਇਹ ਵੀ -  ਰਿਸ਼ਤਿਆਂ ’ਚ ਪ੍ਰੇਮ ਦੇ ਰੰਗ ਭਰਨ ਵਾਲਾ ਤਿਉਹਾਰ ‘ਹੋਲੀ’

ਇਸ ਤਿਓਹਾਰ ਸਬੰਧੀ ਵੱਖ ਵੱਖ ਦੰਦ ਕਥਾਵਾਂ ਪ੍ਰਚਲਿਤ ਹਨ। ਜਿਨ੍ਹਾਂ ’ਚੋਂ ਭਗਤ ਪ੍ਰਹਲਾਦ ਦੀ ਭੂਆ ਅਤੇ ਹਰਨਾਖਸ ਦੀ ਭੈਣ ਹੋਲਿਕਾ ਵੱਲੋਂ ਪ੍ਰਲਾਹਦ ਨੂੰ ਮਾਰਨ ਦੀ ਕੋਸ਼ਿਸ਼ ਕਰਦਿਆਂ ਅੱਗ ਵਿਚ ਸੜ ਕੇ ਮਰ ਜਾਣ ਦੀ ਕਹਾਣੀ ਅਤੇ ਭਗਵਾਨ ਸ਼ਿਵ ਵਲੋਂ ਕਾਮ ਦੇਵ ਉੱਪਰ ਜਿੱਤ ਪ੍ਰਾਪਤ ਕਰਨ ਦੀਆਂ ਕਥਾਵਾਂ ਨੂੰ ਹਿੰਦੂ ਸਮਾਜ ਵਿੱਚ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ। ਭਗਵਾਨ ਸ਼ਿਵ ਦੀ ਕਥਾ ਨਾਲ ਜੋੜ ਕੇ ਹੀ ਸ਼ਿਵ ਭਗਤ ਹੋਲੀ ਵਾਲੇ ਦਿਨ ਭੰਗ ਪੀਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੋਲੇ ਮਹੱਲੇ ਦਾ ਤਿਓਹਾਰ ਖਾਲਸਾਈ ਰੰਗਤ ਨਾਲ ਅਤੇ ਬੀਰ ਰਸ ਨਾਲ ਜੋੜ ਕੇ ਸ਼ਾਸ਼ਤਰ ਵਿੱਦਿਆ ਦੇ ਜੌਹਰ ਦਿਖਾਉਂਦੇ ਹੋਏ ਮਨਾਉਣ ਦੇ ਆਦੇਸ਼ ਦਿੱਤੇ। ਹਰ ਸਾਲ ਮਾਰਚ ਮਹੀਨੇ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਓਹਾਰ ਤਕਰੀਬਨ ਹਫਤਾ ਭਰ ਮਨਾਇਆ ਜਾਂਦਾ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਪੁਰਾਤਨ ਯੁੱਧ ਕਲਾ ਦੀਆਂ ਵੰਨਗੀਆਂ ਪੇਸ਼ ਕਰਦੀਆਂ ਹਨ ਉੱਥੇ ਹੀ ਰਾਗੀ ਸਿੰਘਾਂ ਅਤੇ ਢਾਡੀ ਸਿੰਘਾਂ ਵੱਲੋਂ ਗੁਰੂ ਜਸ ਗਾਇਨ ਕੀਤਾ ਜਾਂਦਾ ਹੈ। ਨਗਰ ਕੀਰਤਨ ਦੇ ਰੂਪ ਵਿੱਚ ਮਹੱਲਾ ਕੱਢਿਆ ਜਾਂਦਾ ਹੈ ਜੋ ਵੱਖ ਵੱਖ ਗੁਰਧਾਮਾਂ ਤੋਂ ਹੁੰਦਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੁੰਦਾ ਹੈ।

ਸ਼ਾਨਾਮੱਤੇ ਵਿਰਸੇ ਅਤੇ ਇਤਿਹਾਸ ਨਾਲ ਜੁੜੇ ਇਸ ਤਿਓਹਾਰ ਵਿੱਚ ਹਿੱਸਾ ਲੈਣ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜਦੀਆਂ ਹਨ। ਭਾਵੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹੋਲੀ ਦੀ ਥਾਂ ਸੂਰਬੀਰਤਾ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਦਿੱਤਾ ਹੈ ਪਰ ਹਾਲੇ ਵੀ ਪੰਜਾਬ ਅੰਦਰ ਕਈ ਲੋਕ ਹੋਲੀ ਦੇ ਤਿਓਹਾਰ ਨੂੰ ਬੜੇ ਬੁਰੇ ਢੰਗ ਨਾਲ ਮਨਾਉਂਦੇ ਹਨ। ਰੰਗ ਜਾਂ ਪਾਣੀ ਨਾਲ ਭਰੇ ਗੁਬਾਰੇ ਇੰਝ ਸੁੱਟਦੇ ਹਨ ਜਿਵੇਂ ਕਿਸੇ ਦੁਸ਼ਮਣ ਉਤੇ ਹਮਲਾ ਬੋਲਣਾ ਹੋਵੇ। ਕਈ ਥਾਵਾਂ ਉੱਪਰ ਤਾਂ ਲੋਕ ਇੱਕ ਦੂਜੇ ਊੱਪਰ ਚਿੱਕੜ ਸੁੱਟਦੇ ਵੀ ਦੇਖੇ ਜਾਂਦੇ ਹਨ।।ਭਾਰਤੀ ਸਮਾਜ ਅੰਦਰ ਤਿਓਹਾਰ ਮਨਾਉਣ ਦਾ ਸਿਲਸਿਲਾ ਪ੍ਰੇਮ ਅਤੇ ਸਦਭਾਵਨਾ ਲਈ ਆਰੰਭ ਕੀਤਾ ਗਿਆ ਸੀ ਪਰ ਇਨ੍ਹਾਂ ਤਿਓਹਾਰਾਂ ਨੂੰ ਨਸ਼ਿਆਂ ਅਤੇ ਬੁਰੇ ਵਿਹਾਰਾਂ ਨਾਲ ਜੋੜ ਦਿੱਤਾ ਗਿਆ। ਦਸਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਹੋਲੇ ਮੁਹੱਲੇ ਦਾ ਚੜਦੀ ਕਲਾ ਵਾਲਾ ਅਤੇ ਸ਼ਾਨੋਸ਼ੌਕਤ ਵਾਲਾ ਤਿਓਹਾਰ ਦੇ ਕੇ ਇਹ ਸੰਦੇਸ਼ ਵੀ ਦਿੱਤਾ ਹੈ ਕਿ ਸਿੱਖ ਕੌਮ ਇਕ ਨਿਵੇਕਲੀ ਅਤੇ ਯੋਧਿਆਂ ਦੀ ਕੌਮ ਹੈ ਸੋ ਆਓ ਰਲ ਮਿਲ ਕੇ ਹੋਲੇ ਮੁਹੱਲੇ ਦਾ ਤਿਓਹਾਰ ਖੁਸ਼ੀਆਂ ਨਾਲ ਮਨਾਈਏ ਤੇ ਦੁਨੀਆਂ ਨੂੰ ਅਮਨ ਸ਼ਾਂਤੀ ਦਾ ਪੈਗਾਮ ਦੇਈਏ।   

rajwinder kaur

This news is Content Editor rajwinder kaur