ਖਾਲਸਾ ਡੇ ਪਰੇਡ 'ਚੋਂ ਗੈਰ ਹਾਜ਼ਰ 'ਟਰੂਡੋ'

04/30/2018 5:36:57 PM

ਜਲੰਧਰ\ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਬਾਅਦ ਪੈਦਾ ਹੋਏ ਵਿਵਾਦ ਦਾ ਅਸਰ ਐਤਵਾਰ ਨੂੰ ਟੋਰਾਂਟੋ ਵਿਖੇ ਕੱਢੀ ਗਈ ਖਾਲਸਾ ਡੇ ਪਰੇਡ ਵਿਚ ਸਾਫ ਤੌਰ 'ਤੇ ਨਜ਼ਰ ਆਇਆ। ਪਿਛਲੇ ਸਾਲ ਇਸ ਪਰੇਡ ਵਿਚ ਸ਼ਿਰਕਤ ਕਰਨ ਵਾਲੇ ਪ੍ਰਧਾਨ ਮੰਤਰੀ ਐਤਵਾਰ ਦੀ ਖਾਲਸਾ ਡੇ ਪਰੇਡ ਵਿਚੋਂ ਗੈਰ ਹਾਜ਼ਰ ਰਹੇ। ਟਰੂਡੋ ਦੇ ਇਸ ਪਰੇਡ ਵਿਚ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਖਾਲਿਸਤਾਨੀ ਪੱਖੀ ਹੋਣ ਦਾ ਪ੍ਰਚਾਰ ਹੋਇਆ ਅਤੇ ਇਸ ਦਾ ਅਸਰ ਉਨ੍ਹਾਂ ਦੀ ਭਾਰਤ ਫੇਰੀ 'ਤੇ ਵੀ ਪਿਆ। ਟਰੂਡੋ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦਾ ਫਿੱਕਾ ਸਵਾਗਤ ਹੋਇਆ ਅਤੇ ਇਹ ਮਸਲਾ ਬਾਅਦ ਵਿਚ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਚੁੱਕਿਆ ਗਿਆ। ਕੈਨੇਡਾ ਵਿਚ ਵਿਰੋਧੀ ਧਿਰ ਨੇ ਟਰੂਡੋ 'ਤੇ ਦੋਸ਼ ਲਗਾਏ ਕਿ ਉਹ ਖਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ। ਜਿਸ ਤੋਂ ਬਾਅਦ ਕੈਨੇਡਾ ਦੀ ਰਾਜਨੀਤੀ ਗਰਮਾ ਗਈ। 
ਟਰੂਡੋ ਪਿਛਲੇ ਸਾਲ ਤੋਂ ਇਲਾਵਾ 2014 ਦੀ ਖਾਲਸਾ ਡੇ ਪਰੇਡ ਦੌਰਾਨ ਵੀ ਹਾਜ਼ਰ ਰਹੇ ਸਨ ਪਰ ਇਸ ਸਾਲ ਉਨ੍ਹਾਂ ਆਪਣੇ ਟਵਿੱਟਰ ਅਕਾਊਂਟ 'ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਕ ਵੀਡੀਓ ਜ਼ਰੀਏ ਲੋਕਾਂ ਨੂੰ ਵਿਸਾਖੀ ਦੀ ਵਧਾਈ ਤਾਂ ਦੇ ਦਿੱਤੀ ਪਰ ਖਾਲਸਾ ਡੇ ਪਰੇਡ ਤੋਂ ਦੂਰੀ ਬਣਾ ਲਈ।