ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ 2 ਨੌਜਵਾਨਾਂ 'ਚੋਂ ਇਕ ਦੀ ਮੌਤ (ਵੀਡੀਓ)

06/02/2022 12:43:17 AM

ਅੰਮ੍ਰਿਤਸਰ (ਗੁਰਿੰਦਰ ਸਾਗਰ, ਸੰਜੀਵ) : ਪੰਜਾਬ 'ਚ ਹਾਲਾਤ ਦਿਨੋ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਬੁੱਧਵਾਰ ਦੁਪਹਿਰ ਨੂੰ ਕੁਝ ਹਮਲਾਵਰਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੇੜੇ 2 ਨੌਜਵਾਨਾਂ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਪੈਦਲ ਆਏ ਸਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਤੋਂ ਕੁਝ ਦੂਰੀ 'ਤੇ ਮੌਜੂਦ ਜ਼ਖ਼ਮੀਆਂ ਦੇ ਸਾਥੀ ਉਨ੍ਹਾਂ ਨੂੰ ਤੁਰੰਤ ਕਾਰ 'ਚ ਬਿਠਾ ਕੇ ਲੈ ਗਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਨਵੀਂ SIT ਦੇ ਹਵਾਲੇ, DGP ਨੇ ਆਈ. ਜੀ. ਜਸਕਰਨ ਸਿੰਘ ਨੂੰ ਸੌਂਪੀ ਕਮਾਨ

ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਸੀ.ਪੀ. ਰਛਪਾਲ ਸਿੰਘ ਤੇ ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ ਮੌਕੇ ’ਤੇ ਪੁੱਜੇ। ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇਕ ਲੜਕੀ ਪੜ੍ਹਦੀ ਸੀ, ਜਿਸ ਨਾਲ ਕਿਸੇ ਲੜਕੇ ਦੀਆਂ ਫੋਟੋਆਂ ਹੋਣ ਕਰਕੇ ਇਨ੍ਹਾਂ ਲੜਕਿਆਂ ਵਿਚਾਲੇ ਝਗੜਾ ਹੋਇਆ ਸੀ ਅਤੇ 2 ਲੜਕੇ ਜ਼ਖ਼ਮੀ ਹੋਏ ਸਨ, ਜਿਨ੍ਹਾਂ 'ਚੋਂ ਇਕ ਲੜਕਾ ਜਿਸ ਦਾ ਨਾਂ ਲਵਪ੍ਰੀਤ ਸਿੰਘ ਜੋ ਕਿ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਸੀ, ਦੀ ਮੌਤ ਹੋ ਗਈ ਹੈ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਘਟਨਾ ਨੂੰ ਘੱਲੂਘਾਰਾ ਅਤੇ ਗੈਂਗਸਟਰਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ। ਪੁਰਾਣੀ ਰੰਜਿਸ਼ ਤਹਿਤ ਇਨ੍ਹਾਂ ਦੋਵਾਂ ਦੀ ਲੜਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲ ਹਥਿਆਰ ਕਿੱਥੋਂ ਆਇਆ, ਕੀ ਹਥਿਆਰ ਪਹਿਲਾਂ ਹੀ ਅੰਮ੍ਰਿਤਸਰ 'ਚ ਮੌਜੂਦ ਸੀ ਜਾਂ ਹੁਣ ਲੈ ਕੇ ਆਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਭ ਦਾ ਖੁਲਾਸਾ ਦੋਸ਼ੀ ਨੌਜਵਾਨਾਂ ਨੂੰ ਫੜਨ ਤੋਂ ਬਾਅਦ ਹੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh