ਅੱਧੀ ਰਾਤ ਨੂੰ ''ਖਲਨਾਇਕ'' ਬਣਿਆ ਪਤੀ, ਦੇਖਦੇ ਹੀ ਦੇਖਦੇ ਪਤਨੀ ''ਤੇ ਦਾਗ ਦਿੱਤੀਆਂ ਗੋਲੀਆਂ

05/19/2018 7:22:53 PM

ਫਿਲੌਰ (ਭਾਖੜੀ) : ਨਸ਼ੇ 'ਚ ਧੁੱਤ ਇਕ ਪਤੀ ਨੇ ਫਿਲਮੀ ਸਟਾਈਲ ਵਿਚ ਪਤਨੀ 'ਤੇ ਪਿਸਟਲ ਤਾਣ ਦਿੱਤੀ ਅਤੇ ਗੋਲੀਆਂ ਚਲਾ ਦਿੱਤੀਆਂ। ਚੰਗੀ ਗੱਲ ਇਹ ਰਹੀ ਕਿ ਇਸ ਵਾਰਦਾਤ ਵਿਚ ਪਤਨੀ ਦੀ ਜਾਨ ਤਾਂ ਬਚ ਗਈ ਪਰ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਉਕਤ ਪਤੀ ਅੱਧੀ ਰਾਤ ਨੂੰ ਨਸ਼ੇ 'ਚ ਧੁੱਤ ਹੋ ਕੇ ਖਲਨਾਇਕ ਫਿਲਮ ਦਾ ਸੰਜੇ ਦੱਤ ਬਣ ਗਿਆ ਅਤੇ ਪਤਨੀ ਨੂੰ ਨੀਂਦ ਤੋਂ ਜਗਾ ਕੇ ਨਜਾਇਜ਼ ਪਿਸਟਲ ਦਿਖਾ ਕੇ ਉਸ ਵਿਚ 9 ਗੋਲੀਆਂ ਭਰ ਕੇ ਬੋਲਿਆ, ਇਸ ਨੂੰ ਕਹਿੰਦੇ ਨੇ ਤਮੰਚਾ ਅਤੇ ਦੇਖਦੇ ਹੀ ਦੇਖਦੇ ਪਤਨੀ 'ਤੇ ਚਾਰ ਗੋਲੀਆਂ ਦਾਗ ਦਿੱਤੀਆਂ ਜਿਸ 'ਚੋਂ ਇਕ ਗੋਲੀ ਪਤਨੀ ਨੂੰ ਲੱਗੀ ਜਿਸ ਕਾਰਨ ਉਹ ਲਹੂ ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਗਈ। ਵਾਰਦਾਤ ਤੋਂ ਬਾਅਦ ਉਕਤ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
PunjabKesari
ਨਸ਼ੇੜੀ ਪਤੀ ਨੇ ਕਿਸ ਤਰ੍ਹਾਂ ਅੰਜਾਮ ਦਿੱਤਾ ਘਟਨਾ ਨੂੰ
ਰਾਜਵਿੰਦਰ ਕੌਰ (3) ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਸਦੀ ਸ਼ਾਦੀ ਸਿੱਧਵਾਂ ਬੇਟ ਲੁਧਿਆਣਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਲ ਹੋਈ ਸੀ। ਦੋਵਾਂ ਦੀ ਇਹ ਦੂਸਰੀ ਸ਼ਾਦੀ ਸੀ। ਪਹਿਲੀ ਸ਼ਾਦੀ ਤੋਂ ਉਸ ਦੇ ਦੋ ਬੱਚੇ ਲੜਕਾ 6 ਸਾਲ ਤੇ ਵੱਡੀ ਲੜਕੀ 10 ਸਾਲ ਦੀ ਹੈ, ਜਦ ਕਿ ਪਹਿਲੀ ਪਤਨੀ ਤੋਂ ਅਮਰਜੀਤ ਦੇ ਵੀ ਚਾਰ ਬੱਚੇ ਹਨ। ਸ਼ਾਦੀ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਅਮਰਜੀਤ ਜੋ ਕੋਈ ਕੰਮ ਕਾਰ ਨਹੀਂ ਕਰਦਾ। ਨਸ਼ੇ ਦਾ ਆਦੀ ਹੈ ਅਤੇ ਉਸਦਾ ਗਲਤ ਲੋਕਾਂ ਨਾਲ ਉਠਣਾ ਬੈਠਣਾ ਹੈ। ਉਹ ਨਸ਼ੇ ਵਿਚ ਅਕਸਰ ਉਸਨੂੰ ਕਹਿੰਦਾ ਸੀ ਉਸ ਕੋਲ ਨਜਾਇਜ਼ ਹਥਿਆਰ ਰਿਵਾਲਵਰ ਤੇ ਪਿਸਟਲ ਹੈ ਤੇ ਉਹ ਹਰ ਵਾਰ ਸਮਝਦੀ ਸੀ ਕਿ ਉਹ ਉਸਨੂੰ ਡਰਾਉਣ ਲਈ ਨਸ਼ੇ ਵਿਚ ਬੋਲ ਰਿਹਾ ਹੈ। ਪਿਛਲੇ ਦੋ ਮਹੀਨੇ ਤੋਂ ਉਹ ਫਿਲੌਰ ਦੇ ਪਿੰਡ ਪੰਜਢੇਰਾ ਜਗਤਪੁਰਾ ਵਿਚ ਕਿਰਾਏ ਦੇ ਮਕਾਨ ਵਿਚ ਆ ਕੇ ਰਹਿਣ ਲੱਗ ਪਏ। ਉਹ ਲੋਕਾਂ ਦੇ ਘਰਾਂ ਵਿਚ ਸਾਫ਼-ਸਫ਼ਾਈ ਕਰ ਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ। ਉਸਦਾ ਪਤੀ ਦੋ ਮਹੀਨਿਆਂ ਵਿਚ ਦੋ ਵਾਰ ਉਸਨੂੰ ਘਰ ਮਿਲਣ ਆਇਆ ਅਤੇ ਦੋਵੇਂ ਵਾਰ ਉਸ ਦੇ ਘਰ ਵਿਚ ਮਿਹਨਤ ਦੀ ਪਈ ਕਮਾਈ ਦੇ ਪੈਸੇ ਨਸ਼ਾ ਖਰੀਦਣ ਲਈ ਚੁੱਕ ਕੇ ਲੈ ਗਿਆ। 
PunjabKesari
ਰਾਜਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਜਦੋਂ ਉਹ ਦੋਵੇਂ ਬੱਚਿਆਂ ਨਾਲ ਬਾਹਰ ਬਰਾਂਡੇ ਵਿਚ ਸੌ ਰਹੀ ਸੀ ਤਾਂ ਉਸਦਾ ਪਤੀ ਨਸ਼ੇ 'ਚ ਧੁੱਦ ਸੀ ਤੇ ਕੰਧ ਟੱਪ ਕੇ ਘਰ ਵਿਚ ਦਾਖਲ ਹੋ ਗਿਆ। ਉਸਨੇ ਪਹਿਲਾਂ ਉਸ ਨੂੰ ਨੀਂਦ ਤੋਂ ਜਗਾਇਆ। ਫਿਰ ਉਸ ਨੇ ਇਕ ਪਿਸਟਲ ਕੱਢ ਕੇ ਕਿਹਾ ਕਿ ਇਸਨੂੰ ਫਿਲਮਾਂ ਵਿਚ ਕਹਿੰਦੇ ਹਨ ਤਮੰਚਾ। ਫਿਰ ਉਸ ਵਿਚ 9 ਗੋਲੀਅ ਭਰ ਕੇ ਪਤਨੀ ਤੋਂ ਪੁੱਛਿਆ ਕਿ ਤੈਨੂੰ ਡਰ ਤਾਂ ਨਹੀਂ ਲੱਗ ਰਿਹਾ। ਇਹ ਕਹਿੰਦਿਆਂ ਹੀ ਉਸ ਨੇ ਉਸ ਦੇ ਸੀਨੇ ਤੇ ਪਿਸਟਲ ਰੱਖ ਕੇ ਜਿਵੇਂ ਹੀ ਗੋਲੀ ਚਲਾਉਣ ਲੱਗਾ ਤਾਂ ਪਤਨੀ ਨੇ ਉਸਨੂੰ ਧੱਕਾ ਮਾਰ ਦਿੱਤਾ। ਜਿਸ ਨਾਲ ਗੋਲੀ ਪਤਨੀ ਦੀ ਬਾਂਹ ਨੂੰ ਚੀਰਦੀ ਹੋਈ ਨਿਕਲ ਗਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਦੋਵੇਂ ਬੱਚੇ ਵੀ ਨੀਂਦ ਤੋਂ ਜਾਗ ਗਏ। ਪਤਨੀ ਨੇ ਦੋਨਾਂ ਬੱਚਿਆਂ ਨਾਲ ਘਰ ਦੇ ਕਮਰੇ ਵਿਚ ਆਪਣੇ ਆਪ ਨੂੰ ਬੰਦ ਕਰ ਲਿਆ ਤਾਂ ਪਤੀ ਨੇ ਪਤਨੀ ਤੇ ਬੱਚਿਆਂ ਨੂੰ ਮਾਰਨ ਲਈ ਦੂਸਰੀ ਗੋਲੀ ਖਿੜਕੀ ਵਿਚ ਮਾਰੀ। ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਤਾਂ ਮਾਂ ਨੇ ਬੱਚਿਆਂ ਨੂੰ ਬੈੱਡ ਦੇ ਹੇਠਾਂ ਲੁਕਾ ਦਿੱਤਾ ਅਤੇ ਖੁਦ ਵੀ ਬਚਣ ਲਈ ਕਮਰੇ ਦੀਆਂ ਲਾਈਟਾਂ ਬੰਦ ਕਰ ਕੇ ਜ਼ਮੀਨ 'ਤੇ ਲੇਟ ਗਈ। ਪਤੀ ਨੇ ਫਿਰ ਉਨ੍ਹਾਂ ਤੇ ਦੋ ਹੋਰ ਗੋਲੀਆਂ ਦਾਗੀਆਂ ਫਿਰ ਮੋਬਾਇਲ ਫੋਨ ਦੀ ਲਾਈਟ ਨਾਲ ਪਤਨੀ ਨੂੰ ਖੂਨ ਨਾਲ ਲਥਪਥ ਜ਼ਮੀਨ ਤੇ ਡਿੱਗਿਆ ਦੇਖ ਕੇ ਉਹ ਸਮਝ ਗਿਆ ਕਿ ਉਸਦੀ ਪਤਨੀ ਦਾ ਕੰਮ ਤਮਾਮ ਹੋ ਗਿਆ ਉਥੋਂ ਭੱਜ ਗਿਆ।
ਕੋਈ ਨਹੀਂ ਆਇਆ ਮਦਦ ਲਈ
ਪਤੀ ਦੇ ਭੱਜਣ ਦੇ ਇਕ ਘੰਟੇ ਬਾਅਦ ਦੋਵੇਂ ਭੈਣ-ਭਰਾ ਬੈੱਡ ਹੇਠੋਂ ਬਾਹਰ ਨਿਕਲੇ ਅਤੇ ਜਿਵੇਂ ਹੀ ਉਨ੍ਹਾਂ ਨੇ ਹਿੰਮਤ ਕਰਕੇ ਕਮਰੇ ਦੀ ਲਾਈਟ ਜਗਾਈ ਤਾਂ ਮਾਂ ਨੂੰ ਫਰਸ਼ 'ਤੇ ਖੂਨ ਨਾਲ ਲੱਥਪੱਥ ਡਿਗਿਆ ਦੇਖ ਕੇ ਬੇਟੀ ਹਿੰਮਤ ਕਰਕੇ ਰਾਤ ਸਵਾ 1 ਵਜੇ ਘਰੋਂ ਬਾਹਰ ਨਿਕਲੀ ਅਤੇ ਸਹਾਇਤਾ ਲਈ ਗੁਆਂਢੀਆਂ ਦੇ ਦਰਵਾਜ਼ੇ ਖੜਕਾਉਂਦੀ ਰਹੀ ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਬਾਹਰ ਨਹੀਂ ਆਇਆ। ਆਖਿਰ ਲੜਕੀ ਅੱਧੀ ਰਾਤ ਨੂੰ ਦੂਸਰੇ ਮਹੱਲੇ ਵਿਚ ਰਹਿੰਦੀ ਆਪਣੀ ਦੂਰ ਦੀ ਰਿਸ਼ਤੇਦਾਰ ਮਹਿਲਾ ਦੇ ਘਰ ਪਹੁੰਚੀ ਤੇ ਉਸਨੇ ਬੱਚੀ ਨਾਲ ਮਹਿਲਾ ਦੇ ਘਰ ਪਹੁੰਚ ਕੇ ਤੁਰੰਤ ਪੁਲਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਪੁਲਸ ਨੇ ਘਟਨਾ ਸਥਾਨ ਤੋਂ ਚਾਰ ਚੱਲੇ ਹੋਏ ਅਤੇ ਉਥੇ ਡਿੱਗੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕਰ ਕੇ ਆਪਣੇ ਕਬਜੇ ਵਿਚ ਲੈ ਕੇ ਮਹਿਲਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਵਿਰੁੱਧ ਇਰਾਦਾ-ਏ-ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜਿਸ ਪਿਸਟਲ ਤੋਂ ਗੋਲੀ ਚਲਾਈ ਹੈ ਉਹ ਇੰਪੋਰਟਡ ਹੈ ਜ਼ਿਆਦਾਤਰ ਇਸ ਤਰ੍ਹਾਂ ਦੇ ਪਿਸਟਲ ਅਧਿਕਾਰੀਆਂ ਕੋਲ ਹੁੰਦੇ ਹਨ। ਹੁਣ ਉਸਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਕੋਲ ਇਹ ਨਜਾਇਜ਼ ਹਥਿਆਰ ਕਿਥੋਂ ਆਇਆ।


Related News