ਮਲੋਟ 'ਚ ਬੀ. ਡੀ. ਪੀ. ਓ. ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਅਰੇ

12/01/2022 12:32:40 PM

ਮਲੋਟ (ਜੁਨੇਜਾ) : ਵਿਦੇਸ਼ ਅੰਦਰ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਮੇਂ-ਸਮੇਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਪੰਜਾਬ ਦੇ ਹਾਲਾਤ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਹੀ ਅੱਜ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮਲੋਟ-ਸ੍ਰੀ ਮੁਕਤਸਰ ਸਾਹਿਬ ਹਾਈਵੇ 'ਤੇ ਸਥਿਤ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਮਲੋਟ ਦੀ ਕੰਪਲੈਕਸ ਦੀਆਂ ਕੰਧਾਂ 'ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਗੈਰਿਜ ਜਿਸ ਉਪਰ ਦਫ਼ਤਰ ਨੁਮਾ ਕਮਰਾ ਬਣਿਆ ਹੈ , ਦੀ ਕੰਧ ਤੋਂ ਇਲਾਵਾ ਸ਼ਟਰ 'ਤੇ ਲਿਖੇ ਗਏ ਸਨ, ਜਿਨ੍ਹਾਂ ਵਿਚ ਖਾਲਿਸਤਾਨ ਜਿੰਦਾਬਾਦ ਅਤੇ ਪੰਜਾਬ ਮਸਲੇ ਦਾ ਇਕ ਹੱਲ ਖਾਲਿਸਤਾਨ ਜਿੰਦਾਬਾਦ ਆਦਿ ਲਿਖਿਆ ਹੋਇਆ ਸੀ। 

ਇਹ ਵੀ ਪੜ੍ਹੋ- ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਤਸਵੀਰ ਸਾਂਝੀ ਕਰ ਚੁੱਕੇ ਵੱਡੇ ਸਵਾਲ

ਇਸ ਸਬੰਧੀ ਬੀ. ਡੀ. ਪੀ. ਓ. ਦਫ਼ਤਰ ਵਿਚ ਤਾਇਨਾਤ ਮਾਲੀ ਕਮ ਚੌਂਕੀਦਾਰ ਵਿਨੋਦ ਕੁਮਾਰ ਅਤੇ ਪੰਚਾਇਤ ਅਫ਼ਸਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਨਾਅਰਿਆਂ ਨੂੰ ਦੇਖਿਆ ਗਿਆ ਪਰ ਪੁਲਸ ਨੇ ਕਿਸੇ ਨੂੰ ਇਸ ਦੀ ਤਸਵੀਰ ਨਹੀਂ ਖਿੱਚਣ ਦਿੱਤੀ ਗਈ। ਜਿਸ ਦੀ ਸੂਚਨਾ ਮਿਲਨ 'ਤੇ ਸਦਰ ਥਾਣਾ ਮਲੋਟ ਦੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਉਨ੍ਹਾਂ ਦਫ਼ਤਰ ਦੇ ਸਟਾਫ਼ ਸਮੇਤ ਪੱਤਰਕਾਰਾਂ ਨੂੰ ਇਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਸਦਰ ਥਾਣਾ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਕਰਮਚਾਰੀਆਂ ਨੇ ਖਾਲਿਸਤਾਨੀ ਪੱਖੇ ਨਾਅਰਿਆਂ ਨੂੰ ਹਟਾ ਦਿੱਤਾ। ਉੱਥੇ ਹੀ ਜਦੋਂ ਇਸ ਮਾਮਲੇ 'ਚ ਮਲੋਟ ਪੁਲਸ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪਤਾ ਲੱਗਾ ਕਿ ਇਸ ਘਟਨਾ ਦੀ ਸੂਚਨਾ ਮਿਲਨ 'ਤੇ ਆਈ. ਬੀ. ਦੇ ਕੁਝ ਅਧਿਕਾਰੀਆਂ ਨੇ ਮੌਕੇ 'ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto