ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਮਿੰਟੂ ਦੀ ਮੌਤ

04/18/2018 7:26:25 PM

ਪਟਿਆਲਾ/ਨਾਭਾ (ਬਰਜਿੰਦਰ, ਜਗਨਾਰ) : ਨਾਭਾ ਜੇਲ ਬ੍ਰੇਕ ਕਾਂਡ ਵਿਚ ਸ਼ਾਮਿਲ ਅਤੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ ਵਿਚ ਮੌਤ ਹੋ ਗਈ ਹੈ। ਹਰਮਿੰਦਰ ਮਿੰਟੂ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੇ ਚੱਲਦੇ ਹਸਪਤਾਲ ਲਿਆਂਦਾ ਗਿਆ ਸੀ। ਜਿਥੇ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਿੰਟੂ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੱਖਿਆ ਗਿਆ ਹੈ। ਪੁਲਸ ਵਲੋਂ ਹਸਪਤਾਲ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਹਰਮਿੰਦਰ ਮਿੰਟੂ ਨੂੰ ਪੁਲਸ ਨੇ 2014 ਵਿਚ ਗ੍ਰਿਫਤਾਰ ਕੀਤਾ ਸੀ। ਹਰਮਿੰਦਰ 'ਤੇ 2008 ਵਿਚ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਹਮਲਾ ਕਰਨ ਦਾ ਦੋਸ਼ ਵੀ ਸੀ। ਇਸ ਦੇ ਨਾਲ ਹੀ ਉਸ 'ਤੇ 2010 ਵਿਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਵਿਸਫੋਟਕ ਲੁੱਟਣ ਦਾ ਵੀ ਦੋਸ਼ ਸੀ।
ਨਾਭਾ ਜੇਲ ਤੋੜ ਕੇ ਹੋਇਆ ਸੀ ਫਰਾਰ
27 ਨਵੰਬਰ 2016 ਨੂੰ ਹਰਮਿੰਦਰ ਮਿੰਟੂ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਅਮਨ ਢੋਟੀਆ ਅਤੇ ਅੱਤਵਾਦੀ ਕਸ਼ਮੀਰ ਸਿੰਘ ਨਾਲ ਨਾਭਾ ਦੀ ਅੱਤ ਸੁਰੱਖਿਅਤ ਜੇਲ ਤੋੜ ਕੇ ਫਰਾਰ ਹੋ ਗਿਆ ਸੀ। ਨਾਭਾ ਜੇਲ ਬ੍ਰੇਕ ਕਾਂਡ ਤੋਂ ਕੁਝ ਘੰਟੇ ਬਾਅਦ ਹੀ ਪੁਲਸ ਨੇ ਦਿੱਲੀ ਤੋਂ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਸਮੇਂ ਪੁਲਸ ਨੇ ਮਿੰਟੂ ਨੂੰ ਗ੍ਰਿਫਤਾਰ ਕੀਤਾ, ਉਸ ਸਮੇਂ ਉਹ ਭੇਸ ਬਦਲ ਕੇ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ।