ਖਾਲਿਸਤਾਨੀ ਬੁਲਾਰਿਆਂ ਵਜੋਂ ਕੰਮ ਕਰਨਾ ਬੰਦ ਕਰਨ ''ਆਪ'' ਆਗੂ : ਕੈਪਟਨ

06/29/2016 12:37:26 PM

ਚੰਡੀਗੜ੍ਹ — ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਖਾਲਿਸਤਾਨ ਦੇ ਬੁਲਾਰਿਆਂ ਤੇ ਸਮਰਥਕਾਂ ਵਜੋਂ ਕੰਮ ਕਰਨਾ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ''ਆਪ'' ਆਗੂਆਂ ਨੂੰ ਸਵਾਲ ਕੀਤਾ ਕਿ ਜਦੋਂ ਕੈਨੇਡੀਅਨ ਸੰਸਦ ਮੈਂਬਰਾਂ ਨੂੰ ਮੇਰੇ ਕਹੇ ਸ਼ਬਦਾਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ, ਤਾਂ ਫਿਰ ਤੁਹਾਨੂੰ ਉਨ੍ਹਾਂ ਦੇ ਬੁਲਾਰਿਆਂ ਵਜੋਂ ਕੰਮ ਕਰਨ ਦੀ ਕੀ ਲੋੜ ਸੀ? ਜਾਂ ਫਿਰ ਤੁਸੀਂ ਉਨ੍ਹਾਂ ਪ੍ਰਤੀ ਆਪਣੀ ਈਮਾਨਦਾਰੀ ਦਿਖਾਉਣੀ ਸੀ ਤਾਂ ਜੋ ਉਨ੍ਹਾਂ ਵੱਲੋਂ ਤੁਹਾਨੂੰ ਭੇਜਿਆ ਜਾਂਦਾ ਫੰਡ ਬੰਦ ਨਾ ਹੋ ਜਾਵੇ? ਇਸ ਲੜੀ ਹੇਠ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਬਿਆਨਾਂ ''ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟਾਈ ਕਿ ਕਿਉਂ ਇਨ੍ਹਾਂ ਨੂੰ ਮੇਰੇ ਕਹੇ ਉਨ੍ਹਾਂ ਸ਼ਬਦਾਂ ਨਾਲ ਦੁੱਖ ਪਹੁੰਚਿਆ ਕਿ ਕੈਨੇਡੀਅਨ ਸਰਕਾਰ ਦੇ ਕੁਝ ਮੰਤਰੀ ਖਾਲਿਸਤਾਨ ਸਮਰਥਕ ਹਨ, ਜਿਹੜੇ ਅਸਲੀਅਤ ''ਚ ਖੁੱਲ੍ਹੇਆਮ ਖਾਲਿਸਤਾਨ ਦਾ ਸਮਰਥਨ ਕਰ ਰਹੇ ਹਨ।
ਉਨ੍ਹਾਂ ਫਿਰ ਦੁਹਰਾਇਆ ਕਿ ਕੁਝ ਕੈਨੇਡੀਅਨ ਐੱਮ. ਪੀਜ਼ ਤੇ ਮੰਤਰੀਆਂ ਨੇ ਕਿਸੇ ਮੌਕੇ ਖੁੱਲ੍ਹੇਆਮ ਖਾਲਿਸਤਾਨ ਦਾ ਸਮਰਥਨ ਕੀਤਾ ਸੀ ਜਾਂ ਫਿਰ ਹਾਲੇ ਵੀ ਕਰ ਰਹੇ ਹਨ।  ਉਨ੍ਹਾਂ ਸੰਧੂ ਤੇ ਖਹਿਰਾ ਨੂੰ ਯਾਦ ਦਿਵਾਇਆ ਕਿ ਇਨ੍ਹਾਂ ''ਚੋਂ ਕੁਝ ਨੇ ਭਾਰਤ ''ਤੇ ਦੋਸ਼ ਲਾਉਂਦਿਆਂ ਅਰਜ਼ੀਆਂ ਉਪਰ ਵੀ ਦਸਤਖਤ ਕੀਤੇ ਸਨ ਅਤੇ ਜਿਹੜੇ ਕੈਨੇਡਾ ''ਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਤੇ ਪ੍ਰਚਾਰਾਂ ''ਚ ਵੀ ਸ਼ਾਮਲ ਸਨ।
ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਿਰਫ ਇਹੋ ਕਿਹਾ ਸੀ ਕਿ ਭਾਰਤੀ ਮੂਲ ਨਾਲ ਸਬੰਧਤ ਕੁਝ ਸੰਸਦ ਮੈਂਬਰਾਂ ਤੇ ਮੰਤਰੀਆਂ ਨੇ ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕੀਤਾ ਸੀ, ਨਾ ਕਿ ਸਾਰਿਆਂ ਨੇ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡਾ ''ਚ ਵਸਣ ਵਾਲੇ ਪੰਜਾਬੀ ਭਾਈਚਾਰੇ ਦੇ ਸਾਰੇ ਲੋਕ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਪਰ ਸੰਧੂ ਤੇ ਖਹਿਰਾ ਵਰਗੇ ਨਵੇਂ ''ਆਪ'' ਭਗਤ ਵੱਖਰਾ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦੇ ਕਾਰਨਾਂ ਬਾਰੇ ਹਰ ਕੋਈ ਜਾਣਦਾ ਹੈ। ਇਥੋਂ ਤਕ ਕਿ ਉਥੋਂ ਦੇ ਸੰਸਦ ਮੈਂਬਰਾਂ ਤੇ ਮੰਤਰੀਆਂ ਨੇ ਖੁਦ ਇਸ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੈਨੇਡਾ ਫੇਰੀ ਦੌਰਾਨ ਸਿੱਖਸ ਫਾਰ ਜਸਟਿਸ ਦੀ ਅਗਵਾਈ ਕਰ ਰਹੇ ਗੁਰਪਤਵੰਤ ਸਿੰਘ ਪਨੂੰ ਵਰਗੀਆਂ ਭਾਰਤ ਵਿਰੋਧੀ ਤਾਕਤਾਂ ਨੇ ਰੋੜੇ ਅਟਕਾਏ ਸਨ ਅਤੇ ਕੈਨੇਡਾ ਸਰਕਾਰ ''ਚ ਮੌਜੂਦ ਭਾਰਤ ਵਿਰੋਧੀ ਅਨਸਰਾਂ ਨੇ ਇਨ੍ਹਾਂ ਦੀ ਸਹਾਇਤਾ ਕੀਤੀ ਸੀ।

Gurminder Singh

This news is Content Editor Gurminder Singh