ਖਾਲਿਸਤਾਨੀ ਤੇ ਆਈ. ਐੱਸ. ਸੰਗਠਨ ਪਾ ਰਹੇ ਕੈਨੇਡਾ ਪਹੁੰਚਣ ਵਾਲੇ ਵਿਦਿਆਰਥੀਆਂ ''ਤੇ ਡੋਰੇ

04/26/2018 6:25:32 AM

ਚੰਡੀਗੜ੍ਹ  (ਰਮਨਜੀਤ) - ਖਾਲਿਸਤਾਨ ਤੇ ਆਈ. ਐੱਸ. ਸੰਗਠਨ ਪੰਜਾਬੀ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਨੂੰ ਆਪਣੇ ਚੁੰਗਲ ਵਿਚ ਫਸਾ ਰਹੇ ਹਨ। ਆਰਥਿਕ ਤੇ ਹੋਰ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਨਵੇਂ-ਨਵੇਂ ਨੌਜਵਾਨ ਜਲਦੀ ਇਨ੍ਹਾਂ ਸੰਗਠਨਾਂ ਦੇ ਜਾਲ ਵਿਚ ਫਸ ਜਾਂਦੇ ਹਨ। ਇਹ ਦਾਅਵਾ ਕੀਤਾ ਹੈ ਪ੍ਰਵਾਸੀ ਭਾਰਤੀ ਤੇ ਸਿੰਧੂ ਕੈਨੇਡਾ ਫਾਊਂਡੇਸ਼ਨ ਦੇ ਅਹੁਦੇਦਾਰ ਬਿਕਰਮ ਸਿੰਘ ਬਾਜਵਾ ਨੇ। ਬਾਜਵਾ ਦਾ ਕਹਿਣਾ ਹੈ ਕਿ ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾ ਰਹੇ ਹਨ ਪਰ ਭਾਰਤ ਜਾਂ ਪੰਜਾਬ ਸਰਕਾਰ ਕੋਲ ਇਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਨੌਕਰੀਆਂ ਦੀ ਕਮੀ ਕਾਰਨ, ਪ੍ਰਵਾਸੀ ਪੰਜਾਬੀਆਂ ਨੂੰ ਆਈ.ਐੱਸ. ਤੇ ਖਾਲਿਸਤਾਨੀ ਸੰਗਠਨਾਂ ਵਲੋਂ ਉਨ੍ਹਾਂ ਨੂੰ ਸਹਾਇਤਾ ਦੇ ਕੇ ਆਪਣੇ ਨਾਲ ਮਿਲਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਵਿਚ ਮਾਹੌਲ ਵਿਗਾੜਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਸਾਰਾ ਖੇਲ ਕੁੱਝ ਕੁ ਸੰਗਠਨਾਂ ਦੇ ਮਖੌਟੇ ਥੱਲੇ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਬਾਜਵਾ ਨੇ ਕਿਹਾ ਕਿ ਧੜਾ-ਧੜ ਕੈਨੇਡਾ ਪਹੁੰਚ ਰਹੇ ਜ਼ਿਆਦਾਤਰ ਪੰਜਾਬੀ ਨੌਜਵਾਨ ਅਨਸਕਿਲਡ ਹਨ ਤੇ ਕੈਨੇਡਾ ਵਿਚ ਨੌਕਰੀਆਂ ਦੇ ਕਾਬਿਲ ਵੀ ਨਹੀਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਮਕਾਨਾਂ ਦਾ ਕਿਰਾਇਆ ਦੇਣ ਦੇ ਵੀ ਅਸਮਰੱਥ ਹਨ, ਜਿਸ ਦਾ ਫਾਇਦਾ ਖਾਲਿਸਤਾਨੀ ਸਮਰਥਕ ਚੁੱਕ ਰਹੇ ਹਨ। ਪਤਾ ਲੱਗਾ ਹੈ ਕਿ ਆਰਥਿਕ ਤੰਗੀ ਦਾ ਸ਼ਿਕਾਰ ਲੜਕੀਆਂ ਵੀ ਅਸਮਾਜਿਕ ਅਨਸਰਾਂ ਦੇ ਚੁੰਗਲ ਵਿਚ ਫਸ ਗਈਆਂ ਹਨ।