ਸਕੂਲਾਂ ਤੇ ਕਾਲਜਾਂ ਦੀਆਂ ਕੰਧਾਂ ''ਤੇ ''ਖਾਲਿਸਤਾਨ ਜ਼ਿੰਦਾਬਾਦ'' ਤੇ ''ਆਜ਼ਾਦੀ 2020'' ਦੇ ਨਾਅਰੇ ਲਿਖੇ

08/18/2017 5:05:38 AM

ਫਿਰੋਜ਼ਪੁਰ (ਕੁਮਾਰ) - ਸ਼ਹਿਰ 'ਚ ਕਈ ਸਕੂਲਾਂ ਤੇ ਕਾਲਜਾਂ ਦੀਆਂ ਕੰਧਾਂ 'ਤੇ ਸ਼ਰਾਰਤੀ ਅਨਸਰਾਂ ਨੇ 'ਖਾਲਿਸਤਾਨ ਜ਼ਿੰਦਾਬਾਦ' ਤੇ 'ਆਜ਼ਾਦੀ 2020' ਦੇ ਨਾਅਰੇ ਲਿਖੇ, ਜਿਸ ਕਾਰਨ ਲੋਕਾਂ 'ਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ ਤੇ ਕੁਝ ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ।
ਫਿਰੋਜ਼ਪੁਰ ਵਰਗੇ ਸਰਹੱਦੀ ਸ਼ਹਿਰ ਵਿਚ ਲਿਖੇ ਗਏ ਇਹ ਨਾਅਰੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਲੋਕਾਂ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਵਿਚ ਕਾਨੂੰਨ ਵਿਵਸਥਾ ਕਿਵੇਂ ਹੈ, ਉਸਦਾ ਇਸ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੀਵਾਰਾਂ 'ਤੇ ਕਾਲੇ ਰੰਗ 'ਚ ਲਿਖੇ ਗਏ ਨਾਅਰਿਆਂ ਵਿਚ ''ਖਾਲਿਸਤਾਨ ਜਿੰਦਾਬਾਦ”, “ਆਜ਼ਾਦੀ 2020”, ''ਭਿੰਡਰਾ ਵਾਲਾ ਤੇਰੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ'', ''ਦਿੱਲੀ ਤਖਤ ਹਿਲਾਵਾਂਗੇ, ਖਾਲਿਸਤਾਨ ਬਣਾਵਾਂਗੇ'', ''ਲੈ ਕੇ ਰਹਾਂਗੇ ਖਾਲਿਸਤਾਨ, ਸਾਡੀ ਜਾਨ ਖਾਲਿਸਤਾਨ'' ਅਤੇ ''ਖਾਲਿਸਤਾਨ ਕਮਾਂਡੋ ਫੋਰਸ'' ਦੇ ਨਾਅਰੇ ਮੁੱਖ ਹਨ। ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ।
ਸੰਘ ਸੇਵਕਾਂ ਤੇ ਲੋਕਾਂ ਨੇ ਕੀਤੀ ਨਿਖੇਧੀ
ਦੂਜੇ ਪਾਸੇ ਆਰ. ਐੱਸ. ਐੱਸ. ਦੇ ਸੀਨੀਅਰ ਸੰਘ ਸੇਵਕ ਰਮੇਸ਼ ਅਗਰਵਾਲ, ਬਲਦੇਵ ਰਾਜ ਅਰੋੜਾ, ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ, ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਸੁਭਾਸ਼ ਤੁੱਲੀ, ਵਿਜੇ ਤੁੱਲੀ, ਬ੍ਰਾਹਮਣ ਸਭਾ ਫਿਰੋਜ਼ਪੁਰ ਸ਼ਹਿਰ, ਬਾਲ ਗੋਪਾਲ ਗਊ ਸੇਵਾ ਸੁਸਾਇਟੀ, ਹਿੰਦ ਨੌਜਵਾਨ ਸਭਾ, ਬਜਰੰਗ ਦਲ, ਸ਼ਿਵ ਸੈਨਾ, ਧਰਮ ਜਾਗਰਨ ਮੰਚ, ਸ਼ਿਵ ਸੈਨਾ ਸ਼ੇਰੇ-ਏ-ਪੰਜਾਬ, ਮਾਨਸ ਸੇਵਾ ਸਮਿਤੀ ਦੇ ਆਹੁਦੇਦਾਰਾਂ ਤੇ ਜ਼ਿਲਾ ਭਾਜਪਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਕਿਹਾ ਕਿ ਜ਼ਿਲਾ ਪੁਲਸ ਤੁਰੰਤ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਲੋਕਾਂ ਦਾ ਪਤਾ ਲਾਵੇ ਅਤੇ ਠੋਸ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਾਧਾਰਨ ਤਰੀਕੇ ਨਾਲ ਨਾ ਲਿਆ ਜਾਵੇ।