ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਅੱਤਵਾਦੀ 10 ਦਿਨ ਦੇ ਪੁਲਸ ਰਿਮਾਂਡ ''ਤੇ

09/24/2019 2:24:26 PM

ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 10 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਅੱਤਵਾਦੀਆਂ 'ਚ ਸ਼ਾਮਲ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਰਸ਼ਦੀਪ ਸਿੰਘ ਉਰਫ ਆਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚ ਰਚੀ ਗਈ ਸਾਜ਼ਿਸ਼ ਦੇ ਸਰਗਣਾ ਅੱਤਵਾਦੀ ਮਾਨ ਸਿੰਘ ਨੂੰ ਵੀ ਜੇਲ ਤੋਂ ਲਿਆ ਕੇ ਉਕਤ ਚਾਰੇ ਅੱਤਵਾਦੀਆਂ ਨਾਲ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ। ਇਨ੍ਹਾਂ ਅੱਤਵਾਦੀਆਂ ਤੋਂ ਹੋਈ ਪੁੱਛਗਿੱਛ 'ਚ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬ 'ਚ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਨਸੂਬੇ ਬਣ ਚੁੱਕੇ ਸਨ।  ਗ੍ਰਿਫਤਾਰ ਅੱਤਵਾਦੀਆਂ ਤੋਂ ਬਰਾਮਦ ਹਥਿਆਰਾਂ ਨੂੰ ਇਸਤੇਮਾਲ ਕੀਤਾ ਜਾਣਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ 5 ਅੱਤਵਾਦੀਆਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। ਤਿਆਰ ਕੀਤੇ ਮੋਡਿਊਲ ਨੂੰ ਪੂਰੀ ਤਰ੍ਹਾਂ ਨਾਲ ਖੰਗਾਲਿਆ ਜਾਵੇਗਾ।

ਪਾਕਿਸਤਾਨ ਨਾਲ ਲੱਗਦੇ ਪਿੰਡ ਰਾਜੋਕੇ ਤੋਂ ਭਾਰਤ ਪੁੱਜੇ ਸਨ ਹਥਿਆਰ
ਭਾਰਤ-ਪਾਕਿ ਸੀਮਾ 'ਤੇ ਲੱਗਦੇ ਪਿੰਡ ਰਾਜੋਕੇ ਦੇ ਰਸਤੇ ਹਥਿਆਰਾਂ ਦੀ ਖੇਪ ਨੂੰ ਅੱਤਵਾਦੀਆਂ ਤੱਕ ਪਹੁੰਚਾਇਆ ਗਿਆ ਸੀ। ਇਹ ਹਥਿਆਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਇਸਤੇਮਾਲ ਕੀਤੇ ਗਏ ਡਰੋਨ ਰਾਹੀਂ ਪੰਜਾਬ 'ਚ ਭੇਜੇ ਗਏ ਸਨ। ਆਈ. ਐੱਸ. ਆਈ. ਵੱਲੋਂ ਹਥਿਆਰ ਭੇਜਣ ਲਈ 5 ਵਾਰ ਡਰੋਨ ਦਾ ਇਸਤੇਮਾਲ ਕੀਤਾ ਗਿਆ। ਅੱਤਵਾਦੀਆਂ ਵੱਲੋਂ ਬਰਾਮਦ ਕੀਤਾ ਗਿਆ ਬਾਰੂਦ ਸਿੱਕਾ ਅਤੇ ਹਥਿਆਰਾਂ ਦਾ ਭਾਰ ਕਰੀਬ 50 ਕਿਲੋ ਹੈ। ਪਾਕਿਸਤਾਨ ਤੋਂ ਭਾਰਤ 'ਚ ਭੇਜਿਆ ਗਿਆ ਡਰੋਨ ਇਕ ਵਾਰ 'ਚ 10 ਕਿਲੋ ਤੱਕ ਹਥਿਆਰ ਉਠਾ ਕੇ ਲਿਆ ਸਕਦਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਭੇਜੀ ਗਈ ਹਥਿਆਰਾਂ ਦੀ ਕਨਸਾਈਨਮੈਂਟ ਨੂੰ ਰਾਜੋਕੇ 'ਚ ਉਤਾਰਿਆ ਜਾਂਦਾ ਸੀ, ਉਥੇ ਹੀ ਮੋਡਿਊਲ 'ਚ ਸ਼ਾਮਲ ਗ੍ਰਿਫਤਾਰ ਉਕਤ ਅੱਤਵਾਦੀ ਉਸ ਨੂੰ ਆਪਣੇ ਕਬਜ਼ੇ 'ਚ ਲੈਂਦੇ ਸਨ।

ਨੀਟਾ ਅਤੇ ਡਾ. ਬੱਗਾ ਕਰ ਰਹੇ ਨੇ ਪੰਜਾਬ 'ਚ ਸਲੀਪਰ ਸੈੱਲ ਨਾਲ ਅੱਤਵਾਦੀਆਂ ਦੀ ਭਰਤੀ
ਇਕ ਵਾਰ ਫਿਰ ਤੋਂ ਪੰਜਾਬ ਨੂੰ ਅੱਤਵਾਦ ਦੀ ਅੱਗ 'ਚ ਸੁੱਟਣ ਲਈ ਪਾਕਿਸਤਾਨ ਬੈਠਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਸਰਗਣਾ ਰਣਜੀਤ ਸਿੰਘ ਨੀਟਾ ਅਤੇ ਜਰਮਨ 'ਚ ਬੈਠਾ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਸਲੀਪਰ ਸੈੱਲ ਅਤੇ ਅੱਤਵਾਦੀਆਂ ਦੀ ਭਰਤੀ ਕਰ ਰਹੇ ਹਨ। ਹਾਲ ਹੀ 'ਚ ਜੇ. ਐਂਡ. ਕੇ. ਦੀ ਕਠੂਆ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਬਰਾਮਦ ਹੋਏ ਹਥਿਆਰਾਂ ਤੋਂ ਬਾਅਦ ਪੰਜਾਬ ਦੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਸਰਗਰਮ ਸੀ। ਪੁਲਸ ਨੂੰ ਇਨਪੁਟ ਮਿਲ ਚੁੱਕੀ ਸੀ ਕਿ ਖਾਲਿਸਤਾਨੀ ਸੰਗਠਨ ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਲੱਗੇ ਹੋਏ ਹਨ।

ਇਹ ਸੀ ਮਾਮਲਾ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਬੀਤੇ ਦਿਨ ਤਰਨਤਾਰਨ ਦੇ ਚੋਹਲਾ ਸਾਹਿਬ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਹਥਿਆਰਾਂ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਸ ਰਿਮਾਂਡ 'ਤੇ ਲੈ ਕੇ ਅੱਤਵਾਦੀਆਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਵੱਲੋਂ ਅੰਜਾਮ ਦਿੱਤੀਆਂ ਜਾਣ ਵਾਲੀਆਂ ਵਾਰਦਾਤਾਂ ਦੇ ਮਨਸੂਬਿਆਂ ਦਾ ਪਤਾ ਲਾਇਆ ਜਾ ਰਿਹਾ ਹੈ।

Anuradha

This news is Content Editor Anuradha