ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਅਰਸ਼ਦੀਪ ਡਾਲਾ ਦੇ 4 ਸਾਥੀ ਕਾਬੂ

10/01/2021 9:35:33 PM

ਮੋਗਾ (ਅਜ਼ਾਦ, ਗੋਪੀ) : ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐਚ.ਨਿੰਬਲੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਗਾ ਪੁਲਸ ਨੇ ਕੈਨੇਡਾ ਰਹਿੰਦੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ ਡਾਲਾ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ 9 ਐਮ.ਐਮ. 3 ਪਿਸਟਲ, 6 ਮੈਗਜ਼ੀਨ ਅਤੇ ਕਾਰਤੂਸਾਂ ਤੋਂ ਇਲਾਵਾ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐਸ.ਪੀ.ਆਈ ਜਗਤਪ੍ਰੀਤ ਸਿੰਘ ਦੀ ਅਗਵਾਈ ਵਿਚ ਜਦ ਸੀ.ਆਈ.ਏ ਮੋਗਾ ਦੀ ਟੀਮ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਮਨਦੀਪ ਸਿੰਘ ਉਰਫ਼ ਗੋਰਾ ਮੱਛਰ ਨਿਵਾਸੀ ਬੰਸੀ ਗੇਟ ਫਿਰੋਜ਼ਪੁਰ ਹੈਰੋਇਨ ਵਿੱਕਰੀ ਦਾ ਧੰਦਾ ਕਰਦਾ ਹੈ ਅਤੇ ਅੱਜ ਉਹ ਬੱਸ ਅੱਡਾ ਮਹਿਣਾ ਦੇ ਕੋਲ ਕਿਸੇ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਜਾ ਦਬੋਚਿਆ ਅਤੇ ਉਸ ਦੇ ਕੋਲੋਂ 300 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਬਰੇਟਾ 9 ਐਮ.ਐਮ ਦੇ ਇਲਾਵਾ 4 ਕਾਰਤੂਸ ਬਰਾਮਦ ਕੀਤੇ।

ਇਹ ਵੀ ਪੜ੍ਹੋ : ਪੁਲਸ ਸਾਹਮਣੇ ਬੋਲੀ ਪਤਨੀ, ‘ਪਤੀ ਨੇ ਸੁਫ਼ਨੇ ’ਚ ਦੱਸਿਆ ਮੇਰਾ ਕਤਲ ਹੋਇਆ’, ਹੈਰਾਨ ਕਰਨ ਵਾਲਾ ਹੈ ਮਾਮਲਾ

ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਕਤ ਪਿਸਟਲ ਉਸਨੇ ਜਸਵਿੰਦਰ ਸਿੰਘ ਉਰਫ਼ ਜੱਸੂ ਨਿਵਾਸੀ ਪਿੰਡ ਕੋਕਰੀ ਕਲਾਂ ਤੋਂ ਲਿਆ ਸੀ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਬੁੱਘੀਪੁਰਾ ਚੌਂਕ ਤੋਂ ਕਾਬੂ ਕਰ ਲਿਆ ਜਦ ਪੁਲਸ ਨੇ ਜਸਵਿੰਦਰ ਸਿੰਘ ਜੱਸੂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਨੇ ਅਮਨਦੀਪ ਸਿੰਘ ਗੋਰਾ ਨੂੰ ਦਿੱਤੇ ਪਿਸਟਲ ਦੇ ਇਲਾਵਾ 2 ਹੋਰ ਪਿਸਟਲ 9 ਐੱਮ.ਐੱਮ ਸਮੇਤ 10 ਕਾਰਤੂਸ ਬਲਰਾਜ ਸਿੰਘ ਨਿਵਾਸੀ ਪਰਵਾਨਾ ਨਗਰ ਮੋਗਾ ਅਤੇ ਅਰੁਣ ਸਾਰਵਾਨ ਨਿਵਾਸੀ ਰਾਜੀਵ ਗਾਂਧੀ ਨਗਰ ਮੋਗਾ ਨੂੰ ਦਿੱਤੇ ਸਨ। ਜਦ ਪੁਲਸ ਪਾਰਟੀ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਦੋਵੇਂ ਕਥਿਤ ਦੋਸ਼ੀ ਜੀ.ਟੀ ਰੋਡ ਮੋਗਾ ਲੁਧਿਆਣਾ ਤੋਂ ਪਿੰਡ ਚੁਗਾਵਾਂ ਨੂੰ ਜਾਂਦੀ ਲਿੰਕ ਸੜਕ ’ਤੇ ਆਪਣੀ ਸਕਾਰਪੀਓ ਗੱਡੀ ਵਿਚ ਜਾ ਰਹੇ ਸਨ, ਜਿਸ ਨੂੰ ਪੁਲਸ ਪਾਰਟੀ ਨੇ ਘੇਰਾ ਪਾ ਕੇ ਕਾਬੂ ਕਰ ਕੇ ਉਕਤ ਦੋਹਾਂ ਤੋਂ ਇਕ-ਇਕ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਬਿਆਨ ’ਤੇ ਕੈਪਟਨ ਦਾ ਠੋਕਵਾਂ ਜਵਾਬ, ਕਿਹਾ ਫੋਨ ਕਰਨ ਦੀਆਂ ਗੱਲਾਂ ਸਿਰਫ ਬਕਵਾਸ

ਜ਼ਿਲ੍ਹਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਨਿਵਾਸੀ ਏ ਕੇਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ ਡਾਲਾ ਜੋ ਕੈਨੇਡਾ ਰਹਿੰਦਾ ਹੈ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਸੰਪਰਕ ਵਿਚ ਹਨ ਵੱਲੋਂ ਫੇਸਬੁੱਕ ਦੇ ਰਾਹੀਂ ਅਮਨਦੀਪ ਸਿੰਘ ਗੋਰਾ ਨੂੰ ਪੈਸੇ ਅਤੇ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਆਪਣੇ ਜਾਲ ਵਿਚ ਫਸਾਇਆ ਅਤੇ ਉਸਨੇ ਬਰਾਮਦ ਹੋਏ ਉਕਤ ਪਿਸਟਲ ਇੰਨ੍ਹਾਂ ਨੂੰ ਦਿਵਾਏ। ਉਨ੍ਹਾਂ ਕਿਹਾ ਕਿ ਅਮਨਦੀਪ ਗੋਰਾ ਵੀ ਅਰਸ਼ਦੀਪ ਸਿੰਘ ਅਰਸ਼ ਦੇ ਸਾਥੀ ਰਮਨ ਜੱਜ (ਗੈਂਗਸਟਰ ਗਗਨਦੀਪ ਜੱਜ) ਜੋ ਕੈਨੇਡਾ ਰਹਿੰਦਾ ਹੈ, ਦੇ ਲਗਾਤਾਰ ਸੰਪਰਕ ਵਿਚ ਸੀ ਅਤੇ ਉਹ ਅਤੇ ਉਸਦੇ ਸਾਥੀ ਅਰਸ਼ਦੀਪ ਸਿੰਘ ਅਤੇ ਰਮਨ ਜੱਜ ਦੇ ਕਹਿਣ ’ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ, ਪਰ ਪੁਲਸ ਦੇ ਕਾਬੂ ਆ ਗਏ। ਉਨ੍ਹਾਂ ਕਿਹਾ ਕਿ ਤਿੰਨ ਕਥਿਤ ਦੋਸ਼ੀਆਂ ਅਮਨਦੀਪ ਸਿੰਘ ਗੋਰਾ ਮੱਛਰ, ਅਰੁਣ ਸਾਰਵਾਨ ਅਤੇ ਬਲਰਾਜ ਸਿੰਘ ਦੇ ਖਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਹੋਰ ਕੌਣ-ਕੌਣ ਉਨ੍ਹਾਂ ਦੇ ਨਾਲ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ : ਆਉਂਦੇ ਦਿਨਾਂ ’ਚ ਵੱਡਾ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਖੇਡਣਗੇ ਇਹ ਮਾਸਟਰ ਸਟ੍ਰਾਕ

Gurminder Singh

This news is Content Editor Gurminder Singh