ਪੁਤਲਾ ਫੂਕਣ ''ਤੇ ਖਾਲਿਸਤਾਨ ਸਮਰਥਕ ਤੇ ਹਿੰਦੂ ਸ਼ਿਵ ਸੈਨਾ ਆਹਮੋ-ਸਾਹਮਣੇ

Wednesday, Aug 22, 2018 - 07:06 AM (IST)

ਪੁਤਲਾ ਫੂਕਣ ''ਤੇ ਖਾਲਿਸਤਾਨ ਸਮਰਥਕ ਤੇ ਹਿੰਦੂ ਸ਼ਿਵ ਸੈਨਾ ਆਹਮੋ-ਸਾਹਮਣੇ

ਸ਼ੁਤਰਾਣਾ/ ਪਾਤੜਾਂ, (ਜ. ਬ.)- ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਨੂੰ ਖਾਲਿਸਤਾਨ-ਪੱਖੀ ਅੱਤਵਾਦੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਸ਼ਿਵ ਸੈਨਿਕਾਂ ਵੱਲੋਂ ਅੱਜ ਭਗਤ ਸਿੰਘ ਚੌਕ ਵਿਚ ਧਰਨਾ ਦੇਣ ਤੇ ਪੁਤਲਾ ਸਾੜੇ ਜਾਣ ਦਾ ਪ੍ਰੋਗਰਾਮ ਸੀ। ਇਸ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਬਣ ਗਈ, ਜਦੋਂ ਖਾਲਿਸਤਾਨ-ਪੱਖੀ ਕੁੱਝ ਸਮਰਥਕਾਂ ਨੇ ਪੁਲਸ ਦੀ ਮੌਜੂਦਗੀ ਵਿਚ ਪੁਤਲਾ ਖੋਹਣ ਦੀ ਕੋਸ਼ਿਸ਼ ਕੀਤੀ। ਗਰਮ-ਖਿਆਲੀਆਂ ਨੇ ਸਬ-ਇੰਸਪੈਕਟਰ ਹਰਸ਼ਦੀਪ ਦੀ ਜੇਬ ਵਿਚੋਂ ਮੈਮੋਰੰਡਮ ਕੱਢ ਕੇ ਪਾੜ ਦਿੱਤਾ ਤੇ ਸ਼ਰੇਆਮ ਪ੍ਰਧਾਨ ਰਮੇਸ਼ ਕੁੱਕੂ ਨੂੰ ਸੋਧਣ ਦੀ ਧਮਕੀ ਦਿੰਦੇ ਰਹੇ। ਇਸ ਨੂੰ ਲੈ ਕੇ ਹਿੰਦੂਆਂ ਦਾ ਖੂਨ ਉਬਾਲੇ ਮਾਰਨ ਲੱਗ ਪਿਆ ਤੇ ਨੌਬਤ ਖੂਨੀ ਝੜਪ ਤੱਕ ਪਹੁੰਚਣ ਵਾਲੀ ਸੀ। ਜਦੋਂ ਇਸ ਸਥਿਤੀ ਦਾ ਡੀ. ਐੈੱਸ. ਪੀ. ਪ੍ਰਿਤਪਾਲ ਸਿੰਘ ਘੁੰਮਣ ਨੂੰ ਪਤਾ ਲੱਗਾ ਤਾਂ ਉਨ੍ਹਾਂ ਆ ਕੇ ਤਣਾਅਪੂਰਨ ਸਥਿਤੀ 'ਤੇ ਕਾਬੂ ਪਾ ਲਿਆ। ਡੀ. ਐੈੱਸ. ਪੀ. ਪ੍ਰਿਤਪਾਲ ਸਿੰਘ ਘੁੰਮਣ ਦੀ ਹਾਜ਼ਰੀ ਵਿਚ ਖਾਲਿਸਤਾਨ-ਪੱਖੀ ਕੁੱਝ ਲੋਕ 'ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਰਹੇ। ਪੁਲਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ।
ਦੂਜੇ ਪਾਸੇ ਭਗਤ ਸਿੰਘ ਚੌਕ ਹਿੰਦੂ ਸ਼ਿਵ ਸੈਨਾ ਦੇ ਸਮਰਥਕਾਂ ਵੱਲੋਂ ਅੱਤਵਾਦ ਤੇ 'ਖਾਲਿਸਤਾਨ ਮੁਰਦਾਬਾਦ' ਦੇ ਨਾਅਰਿਆਂ ਨਾਲ ਗੂੰਜਦਾ ਰਿਹਾ । ਪੁਲਸ ਵੱਲੋਂ ਕਾਰਵਾਈ ਕਰਨ ਦੀ ਥਾਂ ਖਾਲਿਸਤਾਨ-ਪੱਖੀ ਆਗੂਆਂ ਨੂੰ ਸਮਝਾ ਕੇ ਭੇਜ ਦਿੱਤਾ ਗਿਆ । ਦੁਬਾਰਾ ਹਿੰਦੂ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਪਰਸ਼ੋਤਮ ਸਿੰਗਲਾ ਤੋਂ ਮੈਮੋਰੰਡਮ ਲੈ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਤੇ ਉਨ੍ਹਾਂ ਨੂੰ ਆਪੋ-ਆਪਣੇ ਘਰ ਤੋਰ ਦਿੱਤਾ । ਰਮੇਸ਼ ਕੁੱਕੂ ਨੇ ਏ. ਡੀ. ਜੀ. ਪੀ. ਸਕਿਓਰਿਟੀ ਪੰਜਾਬ ਆਰ. ਐੈੱਨ. ਢੋਕੇ ਨਾਲ ਫੋਨ 'ਤੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ, ਜਿਸ 'ਤੇ ਉਨ੍ਹਾਂ ਨੇ ਪੂਰਾ ਇਨਸਾਫ਼ ਦਿਵਾਉਣ ਲਈ ਭਰੋਸਾ ਦਿਵਾਇਆ।
ਜਾਣਕਾਰੀ ਅਨੁਸਾਰ ਬੀਤੇ ਦਿਨ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਕੁੱਕੂ ਨੂੰ ਖਾਲਿਸਤਾਨ-ਪੱਖੀ ਅੱਤਵਾਦੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ । ਰੋਸ ਜ਼ਾਹਰ ਕਰਦਿਆਂ ਹਿੰਦੂ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਪਰਸ਼ੋਤਮ ਸਿੰਗਲਾ ਦੀ ਸਰਪ੍ਰਸਤੀ ਹੇਠ ਵਰਕਰ ਪਾਤੜਾਂ ਦੇ ਭਗਤ ਸਿੰਘ ਚੌਕ ਵਿਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਖਾਲਿਸਤਾਨ-ਪੱਖੀ ਅੱਤਵਾਦੀਆਂ ਦਾ ਪੁਤਲਾ ਫੂਕ ਰਹੇ ਸਨ ਕਿ ਪੁਲਸ ਦੀ ਮੌਜੂਦਗੀ ਵਿਚ 2-3 ਵਿਅਕਤੀਆਂ ਨੇ ਪੁਤਲਾ ਉਨ੍ਹਾਂ ਦੇ ਹੱਥੋਂ ਖੋਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਰਮੇਸ਼ ਕੁੱਕੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਸਬ-ਇੰਸਪੈਕਟਰ ਹਰਸ਼ਦੀਪ ਦੀ ਜੇਬ 'ਚੋਂ ਮੈਮੋਰੰਡਮ ਕੱਢ ਕੇ ਪਾੜ ਦਿੱਤਾ। ਇੰਨੇ ਵਿਚ ਖਾਲਿਸਤਾਨ-ਪੱਖੀ ਆਗੂ ਬਲਕਾਰ ਸਿੰਘ ਭੁੱਲਰ ਵੀ ਪਹੁੰਚ ਗਏ। ਉਨ੍ਹਾਂ ਡੀ. ਐੈੱਸ. ਪੀ. ਪ੍ਰਿਤਪਾਲ ਸਿੰਘ ਘੁੰਮਣ ਦੀ ਹਾਜ਼ਰੀ ਵਿਚ 'ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।
ਡੀ. ਐੈੱਸ. ਪੀ. ਪ੍ਰਿਤਪਾਲ ਸਿੰਘ ਘੁੰਮਣ ਨੇ ਖਾਲਿਸਤਾਨ-ਪੱਖੀ ਆਗੂ ਬਲਕਾਰ ਸਿੰਘ ਭੁੱਲਰ ਨੂੰ ਸਮਝਾ ਕੇ ਉੱਥੋਂ ਭੇਜ ਦਿੱਤਾ। ਅੱਤਵਾਦੀਆਂ ਦਾ ਜੋ ਪੁਤਲਾ ਬਣਿਆ ਸੀ, ਉਸ ਨੂੰ ਪੁਲਸ ਨੇ ਆਪਣੀ ਕਸਟਡੀ ਵਿਚ ਲੈ ਲਿਆ। ਇਸ ਸਾਰੀ ਘਟਨਾ ਬਾਰੇ ਏ. ਡੀ. ਜੀ. ਪੀ. ਸਕਿਓਰਿਟੀ ਆਰ. ਐੈੱਨ. ਢੋਕੇ ਨੂੰ ਜਾਣੂ ਕਰਵਾਇਆ, ਜਿਨ੍ਹਾਂ ਇਸ 'ਤੇ ਕਾਰਵਾਈ ਕਰਵਾਉਣ ਦਾ ਭਰੋਸਾ ਦਿਵਾਇਆ ਹੈ।


Related News