'ਖਾਲਿਸਤਾਨ ਲਿਬਰੇਸ਼ਨ ਫੋਰਸ' 'ਤੇ ਕੇਂਦਰ ਵਲੋਂ ਪਾਬੰਦੀ

12/28/2018 11:13:03 AM

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) 'ਤੇ ਪਾਬੰਦੀ ਲਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੁੱਧਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਹੈ ਕਿ ਕੇ. ਐੱਲ. ਐੱਫ. 'ਤੇ ਇਹ ਪਾਬੰਦੀ ਗੈਰ ਕਾਨੂੰਨੀ ਗਤੀਵਿਧੀ ਐਕਟ ਤਹਿਤ ਲਾਈ ਗਈ ਹੈ। ਇਸ ਐਕਟ ਦੇ ਤਹਿਤ ਪਾਬੰਦੀ ਲਾਏ ਗਏੇ ਕੇ. ਐੱਲ. ਐੱਫ. ਦਾ ਨਾਂ 40ਵੇਂ ਨੰਬਰ 'ਤੇ ਹੈ। ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਸ ਸੰਗਠਨ 'ਤੇ ਪਹਿਲੀ ਵਾਰ ਪਾਬੰਦੀ ਲਾਈ ਗਈ ਹੈ। ਇਸ ਤੋਂ ਪਹਿਲਾਂ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸੰਗਠਨਾਂ 'ਤੇ ਵੀ ਪਾਬੰਦੀ ਲਾਈ ਜਾ ਚੁੱਕੀ ਹੈ। 
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਪੰਜਾਬ 'ਚ ਪਿਛਲੇ ਕੁਝ ਸਾਲਾਂ 'ਚ ਹੋਈਆਂ ਅੱਤਵਾਦੀ ਘਟਨਾਵਾਂ ਦੀ ਜਾਂਚ ਤੋਂ ਬਾਅਦ ਕੇ. ਐੱਲ. ਐੱਫ. 'ਤੇ ਇਨ੍ਹਾਂ ਘਟਨਾਵਾਂ 'ਚ ਸ਼ਾਮਲ ਹੋਣ ਸਬੰਧੀ ਪਾਬੰਦੀ ਲਾਈ ਗਈ ਹੈ। ਇਹ ਸੰਗਠਨ 1986 'ਚ ਪੰਜਾਬ ਨੂੰ ਹਿੰਸਾ ਰਾਹੀਂ ਵੱਖਰਾ ਰਾਸ਼ਟਰ ਖਾਲਿਸਤਾਨ ਬਣਾਉਣ ਦੇ ਇਰਾਦੇ ਨਾਲ ਬਣਾਇਆ ਗਿਆ ਸੀ। 
ਹਰਮਿੰਦਰ ਸਿੰਘ ਮਿੰਟੂ ਨੇ ਫਿਰ ਸਰਗਰਮ ਕੀਤਾ ਸੀ ਸੰਗਠਨ
ਕੇ. ਐੱਲ. ਐੱਫ. ਦਾ ਗਠਨ 1986 'ਚ ਹੋਇਆ ਸੀ। 7 ਨਵੰਬਰ, 2014 ਨੂੰ ਜਲੰਧਰ ਪੁਲਸ ਨੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਕੇ. ਐੱਲ. ਐੱਫ./ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮਾਡਿਊਲ ਦਾ ਭੰਡਾਫੋੜਨ ਕੀਤਾ ਸੀ। ਇਸ ਤੋਂ ਇਲਾਵਾ ਕੇ. ਐੱਲ. ਐੱਫ. ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਮਿੰਟੂ ਨੇ ਹੀ ਸਾਲ 2019 'ਚ ਕੇ. ਐੱਲ. ਐੱਫ. ਨੂੰ ਫਿਰ ਜ਼ਿੰਦਾ ਕੀਤਾ ਸੀ। ਮਿੰਟੂ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ।

Babita

This news is Content Editor Babita