ਕੇ.ਐੱਲ.ਐੱਫ ਨਾਲ ਜੁੜੇ ਹਰਮੀਤ ਸਿਘ ਉਰਫ ਪੀ. ਐਚ. ਡੀ. ਦਾ ਜਾਣੋ ਕੀ ਹੈ ਪਿਛੋਕੜ (ਵੀਡੀਓ)

11/22/2018 10:46:33 AM

ਅੰਮ੍ਰਿਤਸਰ— ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਕੀਤੇ ਗਏ ਗ੍ਰੇਨੇਡ ਹਮਲੇ ਦੇ ਮਾਮਲੇ 'ਚ ਦੋਸ਼ੀ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ। ਹੈਂਡ ਗ੍ਰੇਨੇਡ ਹਮਲੇ ਦੇ ਪਿੱਛੇ ਆਈ. ਐੱਸ. ਆਈ. ਅਤੇ  ਕੇ. ਐੱਲ. ਐੱਫ. (ਖਾਲਿਸਤਾਨੀ ਲਿਬਰੇਸ਼ਨ ਫੋਰਸ) ਨਾਲ ਜੁੜੇ ਹਰਮੀਤ ਸਿੰਘ ਪੀ. ਐੱਚ. ਡੀ. ਦੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਬੰਬ ਧਮਾਕਾ ਅੱਤਵਾਦੀ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਸਾਜਿਸ਼ ਆਈ. ਐੱਸ. ਆਈ. ਨੇ ਰਚੀ ਸੀ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਪੀ. ਐੱਚ. ਡੀ. ਉਰਫ ਹੈਪੀ ਮੋਹਰਾ ਹੈ, ਜਿਸ ਦਾ ਇਸਤੇਮਾਲ ਆਈ. ਐੱਸ. ਆਈ. ਵੱਲੋਂ ਕੀਤਾ ਗਿਆ। 

ਜਾਣੋ ਕੀ ਹੈ ਹਰਮੀਤ ਸਿੰਘ 'ਪੀ. ਐੱਚ. ਡੀ' ਦਾ ਪਿਛੋਕੜ
ਹਰਮੀਤ ਸਿੰਘ ਪੀ. ਐੱਚ. ਡੀ. ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੀ. ਐੱਚ. ਡੀ. ਕਰਦਾ ਸੀ। ਪੀ. ਐੱਚ. ਡੀ. ਕਰਦੇ ਹੀ ਉਹ ਅੰਮ੍ਰਿਤਸਰ 'ਚੋਂ ਗਾਇਬ ਹੋ ਗਿਆ। ਜਿਸ ਤੋਂ ਬਾਅਦ ਉਹ ਲਖਬੀਰ ਸਿੰਘ ਰੋਡੇ ਦੇ ਸੰਪਰਕ 'ਚ ਆਇਆ। ਲਖਬੀਰ ਸਿੰਘ ਰੋਡੇ ਦੇ ਸੰਪਰਕ 'ਚ ਆਉਣ ਤੋਂ ਬਾਅਦ ਏਜੰਸੀਆਂ ਨੂੰ ਪਤਾ ਲੱਗਿਆ ਕਿ ਹਰਮੀਤ ਸਿੰਘ ਪਾਕਿਸਤਾਨ 'ਚ ਹੈ। ਦੱਸ ਦੇਈਏ ਕਿ ਹਰਮੀਤ ਸਿੰਘ ਦਾ ਨਾਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ 'ਚ ਸ਼ਾਮਲ ਹੈ। ਉਹ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਉਸ ਨੇ ਕੇ. ਐੱਲ. ਐੱਫ. ਦੀ ਕਮਾਨ ਸੰਭਾਲੀ ਹੋਈ ਹੈ ਅਤੇ ਇਸ ਸਮੇਂ ਪਾਕਿਸਤਾਨ 'ਚ ਪਨਾਹ ਲਈ ਹੋਈ ਹੈ। 

2016/17 ਟਾਰਗੇਟ ਕਿਲਿੰਗ ਪਿੱਛੇ ਵੀ ਸੀ ਹਰਮੀਤ ਸਿੰਘ ਦਾ ਹੱਥ
ਜ਼ਿਕਰਯੋਗ ਹੈ ਕਿ 2016-17 'ਚ ਸੂਬੇ 'ਚ ਸਮਾਜਿਕ-ਧਾਰਿਮਕ ਨੇਤਾਵਾਂ ਦੀ ਟਾਰਗੇਟ ਕਿਲਿੰਗ ਪਿੱਛੇ ਵੀ ਹਰਮੀਤ ਸਿੰਘ ਦਾ ਹੱਥ ਸੀ। ਉਹ ਅੱਜਕਲ੍ਹ ਪਾਕਿਸਤਾਨ 'ਚ ਹੈ। ਹਰਮੀਤ ਪਿਛਲੇ ਕੁਝ ਸਮੇਂ ਤੋਂ ਅੱਤਵਾਦੀਆਂ ਵਜੋਂ ਨੌਜਵਾਨਾਂ ਦੀ ਭਰਤੀ ਕਰਨ 'ਚ ਲੱਗਾ ਹੋਇਆ ਹੈ। ਇਸ ਦੇ ਲਈ ਉਹ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈ ਰਿਹਾ ਹੈ।

shivani attri

This news is Content Editor shivani attri