ਕਰੋੜਪਤੀਆਂ ਦੀ ਲੜਾਈ ''ਚ ''ਆਪ'' ਦੇ ਕਰੋੜਪਤੀ ਖਜੂਰੀਆ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, ਪਤਨੀ ਦੇ ਨਾਂ 1.64 ਕਰੋੜ ਦੀ ਜਾਇਦਾਦ

09/22/2017 7:46:43 PM

ਗੁਰਦਾਸਪੁਰ (ਵਿਨੋਦ, ਦੀਪਕ)-ਕਰੋੜਪਤੀਆਂ ਦੀ ਲੜਾਈ 'ਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰੋੜਪਤੀ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋ ਰਹੇ ਉਪ ਚੋਣ ਸਬੰਧੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਆਮ ਆਦਮੀ ਪਾਰਟੀ 'ਚ ਚਲ ਰਹੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ।  ਮੇਜਰ ਜਨਰਲ ਸੁਰੇਸ਼ ਖਜੂਰੀਆ ਨਾਲ ਬੇਸ਼ੱਕ ਪੰਜਾਬ ਪੱਧਰ ਦੀ ਲੀਡਰਸ਼ਿਪ ਸੀ ਪਰ ਖਜੂਰੀਆ ਦੇ ਆਪਣੇ ਸ਼ਹਿਰ ਪਠਾਨਕੋਟ, ਭੋਆ, ਸੁਜਾਨਪੁਰ ਤੇ ਬਟਾਲਾ ਵਿਧਾਨ ਸਭਾ ਦੀ ਚੋਣ ਲੜ ਚੁਕੇ 3 ਉਮੀਦਵਾਰਾਂ ਸਮੇਤ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਲਖਬੀਰ ਸਿੰਘ ਪਠਾਨਕੋਟ ਵੀ ਉਨ੍ਹਾਂ ਨਾਲ ਨਜ਼ਰ ਨਹੀਂ ਆਏ।

ਖਜੂਰੀਆ ਦੀ ਜਾਇਦਾਦ ਦਾ ਬਿਓਰਾ
ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਤੇ ਉਸ ਦੀ ਪਤਨੀ ਨੇ ਜੋ ਨਾਮਜ਼ਦਗੀ ਪੱਤਰਾਂ ਦੇ ਨਾਲ ਆਪਣੀ ਚੱਲ ਅਤੇ ਅੱਚਲ ਜਾਇਦਾਦ ਦਾ ਬਿਓਰਾ ਦਿੱਤਾ ਹੈ, ਉਸ ਅਨੁਸਾਰ ਇਹ ਦੋਵੇਂ ਹੀ ਅਮੀਰ ਆਦਮੀਆਂ ਦੀ ਲੜੀ 'ਚ ਆਉਂਦੇ ਹਨ। 

 

ਚੱਲ ਜਾਇਦਾਦ 7,90,390 ਰੁਪਏ
ਅੱਚਲ ਜਾਇਦਾਦ 1, 24,80,000
ਪਤਨੀ ਤ੍ਰਿਪਤਾ ਖਜੂਰੀਆ ਕੋਲ ਅੱਚਲ ਜਾਇਦਾਦ 1. 28 ਕਰੋੜ ਰੁਪਏ
ਚੱਲ ਜਾਇਦਾਦ 36,61,869 ਰੁਪਏ
ਖਜੂਰੀਆ ਦੇ ਬੈਂਕ ਖਾਤੇ 'ਚ 57,71,091 ਰੁਪਏ
ਪਤਨੀ ਦੇ ਬੈਂਕ ਖਾਤੇ 'ਚ 13,30,020 ਰੁਪਏ
ਫਿਕਸ ਡਿਪਾਜ਼ਿਟ 1 ਲੱਖ ਰੁਪਏ
ਕੈਸ਼ 1.50 ਲੱਖ
ਬੇਂਗਲੁਰੂ 'ਚ ਸਥਿਤ ਨਿਵਾਸ ਦੀ ਕੀਮਤ 1 ਕਰੋੜ ਰੁਪਏ 
ਪਠਾਨਕੋਟ 'ਚ ਦੁਕਾਨ ਤੇ ਪਲਾਟ ਦੀ ਖਰੀਦ ਕੀਮਤ  7 ਲੱਖ ਰੁਪਏ
ਵਰਤਮਾਨ ਕੀਮਤ  15 ਲੱਖ ਰੁਪਏ
ਪਲਾਟ ਦੀ ਕੀਮਤ 9 ਲੱਖ ਰੁਪਏ

ਪਠਾਨਕੋਟ ਇਲਾਕੇ ਦੇ ਜ਼ਿਆਦਾਤਰ 'ਆਪ' ਨੇਤਾ ਕਿਤੇ ਦਿਖਾਈ ਨਹੀਂ ਦਿੱਤੇ
ਪਠਾਨਕੋਟ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਅੱਜ ਆਪਣੇ ਹੀ ਇਲਾਕਾ ਪਠਾਨਕੋਟ ਦੇ ਵਰਕਰ ਤੇ ਨੇਤਾਵਾਂ ਦਾ ਵਿਰੋਧ ਵੇਖਣਾ ਪਿਆ। ਇਸ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਲਖਬੀਰ ਸਿੰਘ, ਜੋ ਟਿਕਟ ਲੈਣ ਲਈ ਹੱਥ-ਪੈਰ ਮਾਰ ਰਹੇ ਸੀ, ਖਜੂਰੀਆ ਨਾਲ ਦਿਖਾਈ ਨਹੀਂ ਦਿੱਤੇ। ਇਸੇ ਤਰ੍ਹਾਂ ਪਠਾਨਕੋਟ ਤੋਂ ਇਸ ਸਾਲ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਰਾਜੂ ਮਹਾਜਨ, ਭੋਆ ਤੋਂ ਅਮਰਜੀਤ ਸਿੰਘ ਠੇਕੇਦਾਰ, ਸੁਜਾਨਪੁਰ ਤੋਂ ਕੁਲਭੂਸ਼ਣ ਮਿਨਹਾਸ ਅਤੇ ਬਟਾਲਾ ਤੋਂ ਗੁਰਪ੍ਰੀਤ ਸਿੰਘ ਘੁੱਗੀ ਕਿਤੇ ਦਿਖਾਈ ਨਹੀਂ ਦਿੱਤੇ।

ਭਗਵੰਤ ਮਾਨ ਨੇ ਗਿਣੇ ਚੋਣ ਮੁੱਦੇ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਕੋਲ ਸਥਾਨਕ ਕੋਈ ਨੇਤਾ ਨਹੀਂ ਹੈ ਜੋ ਚੋਣ ਜਿੱਤ ਸਕੇ। ਇਸ ਲਈ ਬਾਹਰੀ ਉਮੀਦਵਾਰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਚੋਣ ਰੇਤ ਮਾਫੀਆ, ਸ਼ਰਾਬ ਮਾਫੀਆ, ਮਹਿੰਗਾਈ, ਬੇਰੁਜ਼ਗਾਰੀ, ਧਾਰੀਵਾਲ ਮਿੱਲ ਨੂੰ ਫਿਰ ਚਾਲੂ ਕਰਵਾਉਣ ਦੇ ਮੁੱਦੇ 'ਤੇ ਲੜਾਂਗੇ। 
ਉਥੇ ਵਿਧਾਨ ਸਭਾ ਚੋਣ ਲੜ ਚੁੱਕੇ ਤਿੰਨੇ ਉਮੀਦਵਾਰਾਂ ਸਮੇਤ ਹੋਰ ਵੱਡੇ ਨੇਤਾਵਾਂ ਦਾ ਨਾ ਆਉਣ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਰਾਜਨੀਤਿਕ ਦਲ ਦਾ ਪ੍ਰਭਾਵ ਵਧਦਾ ਹੈ, ਉਸ ਵਿਚ ਕੁਝ ਗਤੀ ਪੈਦਾ ਹੋਣਾ ਸੁਭਾਵਿਕ ਹੈ।