‘ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ’ਚ ਖਹਿਰਾ ਦੇ ਆਉਣ ਨਾਲ ਬਗਾਵਤ ਨੂੰ ਮਿਲੀ ਹੋਰ ਹਵਾ’
06/06/2021 2:49:48 AM
ਚੰਡੀਗੜ੍ਹ(ਹਰੀਸ਼ਚੰਦਰ)- ਪਾਰਟੀ ਵਿਚ ਆਪਣੇ ਖਿਲਾਫ਼ ਉਠੀ ਬਗਾਵਤ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਚਾਹੇ ਨਵਾਂ ਪੈਂਤੜਾ ਚਲਦਿਆਂ ਸੁਖਪਾਲ ਸਿੰਘ ਖਹਿਰਾ ਸਮੇਤ ਤਿੰਨ ਵਿਰੋਧੀ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਭਾਵੇਂ ਹਾਈਕਮਾਨ ਦੇ ਸਾਹਮਣੇ ਖੁਦ ਦਾ ਕੱਦ ਵੱਡਾ ਕੀਤਾ ਹੋਵੇ, ਪਰ ਇਸ ਪੂਰੀ ਕਸਰਤ ਨਾਲ ਕਾਂਗਰਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਦਿਸ ਰਿਹਾ ਹੈ।
ਖਹਿਰਾ ਦੇ ਨਾਲ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪੀਰਮਲ ਸਿੰਘ ਧੌਲਾ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਹੈ ਪਰ ਸਾਰਿਆਂ ਦਾ ਮੁੱਖ ਫੋਕਸ ਖਹਿਰਾ ’ਤੇ ਹੀ ਰਿਹਾ ਹੈ, ਕਿਉਂਕਿ ਨਾ ਸਿਰਫ਼ ਉਹੀ ਇਨ੍ਹਾਂ ਵਿਚ ਸਭ ਤੋਂ ਸੀਨੀਅਰ ਹਨ, ਸਗੋਂ ਖਹਿਰਾ ਦੀ ਹੀ ਟਿਕਟ ਕਾਂਗਰਸ ’ਚ ਪੱਕੀ ਮੰਨੀ ਜਾ ਰਹੀ ਹੈ। ਪਹਿਲਾਂ ਤੋਂ ਹੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ਵਿਚ ਖਹਿਰਾ ਦੀ ਸ਼ਮੂਲੀਅਤ ਨਾਲ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ। ਕਪੂਰਥਲਾ ਜ਼ਿਲ੍ਹੇ ਨਾਲ ਹੀ ਸਬੰਧਤ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਖਹਿਰਾ ਵਿਚ 36 ਦਾ ਅੰਕੜਾ ਹੈ।
ਪਿਛਲੀਆਂ ਵਿਧਾਨਸਭਾ ਚੋਣਾਂ ’ਚ ਜਦੋਂ ਖਹਿਰਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਨ, ਉਦੋਂ ਰਾਣਾ ਗੁਰਜੀਤ ਨੇ ਆਪਣੇ ਕਰੀਬੀ ਟਰਾਂਸਪੋਰਟਰ ਰਾਣਾ ਰਣਜੀਤ ਸਿੰਘ ਨੂੰ ਪਾਰਟੀ ਟਿਕਟ ਦਿਵਾਈ ਸੀ। ਰਾਣਾ ਗੁਰਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਦੋਆਬਾ ਦੀ ਰਾਜਨੀਤੀ ਵਿਚ ਸਰਗਰਮ ਹਨ।
ਇਹ ਵੀ ਪੜ੍ਹੋ- ਵੈਕਸੀਨ ਘਪਲਾ : ਸੁਖਬੀਰ ਬਾਦਲ ਭਲਕੇ ਸਿਹਤ ਮੰਤਰੀ ਦੇ ਘਰ ਅੱਗੇ ਦੇਣਗੇ ਧਰਨਾ
2002 ਵਿਚ ਵਿਧਾਇਕ ਬਣਨ ਤੋਂ ਬਾਅਦ 2004 ਵਿਚ ਜਲੰਧਰ ਤੋਂ ਸੰਸਦ ਤੇ ਫੇਰ ਕਪੂਰਥਲਾ ਤੋਂ ਵਿਧਾਇਕ ਉਹ ਚੁਣੇ ਗਏ। 2002 ਤੋਂ ਉਨ੍ਹਾਂ ਦੇ ਪਰਿਵਾਰ ਦਾ ਹੀ ਕਪੂਰਥਲਾ ਹਲਕੇ ’ਤੇ ਕਬਜ਼ਾ ਹੈ। ਇਹ ਤੈਅ ਹੈ ਕਿ ਘਰ ਵਾਪਸੀ ਦੇ ਬਾਵਜੂਦ ਖਹਿਰਾ ਦੇ ਪੈਰ ਭੁਲੱਥ ’ਚ ਉਹ ਜੰਮਣ ਨਹੀਂ ਦੇਣਗੇ। ਉਨ੍ਹਾਂ ਦੇ ਕਰੀਬੀ ਨੇਤਾਵਾਂ ਨੇ ਤਾਂ ਹੁਣੇ ਤੋਂ ਖਹਿਰਾ ਖਿਲਾਫ਼ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ।
ਸਮੁੱਚੇ ਦੋਆਬਾ ’ਚ ਕਈ ਸਮੀਕਰਣ ਵਿਗੜ ਸਕਦੇ ਹਨ
ਰਾਣਾ ਗੁਰਜੀਤ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਨੇਤਾਵਾਂ ਵਿਚ ਸ਼ੁਮਾਰ ਹੁੰਦੇ ਸਨ। ਕੈਪਟਨ ਨੇ ਹੀ ਉਨ੍ਹਾਂ ਨੂੰ ਪਹਿਲੀ ਵਾਰ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਲਈ ਟਿਕਟ ਦਵਾਈ ਸੀ। ਮੌਜੂਦਾ ਸਰਕਾਰ ਵਿਚ ਉਹ ਮੰਤਰੀ ਵੀ ਰਹੇ ਪਰ ਰੇਤ ਖੋਦਾਈ ਦੇ ਦੋਸ਼ਾਂ ਕਾਰਣ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਹੁਣ ਉਨ੍ਹਾਂ ਦੇ ਹੀ ਧੁਰ ਵਿਰੋਧੀ ਨੂੰ ਕੈਪਟਨ ਪਾਰਟੀ ਵਿਚ ਲਿਆਏ ਹਨ ਤਾਂ ਇਸ ਨਾਲ ਨਾ ਸਿਰਫ਼ ਕਪੂਰਥਲਾ ਜ਼ਿਲਾ ਸਗੋਂ ਸਮੁੱਚੇ ਦੋਆਬਾ ਵਿਚ ਕਾਂਗਰਸ ਦੇ ਕਈ ਸਮੀਕਰਣ ਵਿਗੜ ਸਕਦੇ ਹਨ।
ਵਿਰੋਧੀ ਵਿਧਾਇਕਾਂ ਨੂੰ ਲਿਆ ਕੇ ਕੈਪਟਨ ਨੇ ਹਾਈਕਮਾਨ ਦੇ ਸਾਹਮਣੇ ਚਾਹੇ ਆਪਣਾ ਸਿਰ ਉੱਚਾ ਕਰ ਲਿਆ ਹੋਵੇ ਪਰ ਪਾਰਟੀ ਵਿਚ ਇਸ ਦਾ ਵਿਰੋਧ ਹੁਣੇ ਤੋਂ ਸ਼ੁਰੂ ਹੋ ਗਿਆ ਹੈ। ਭੁਲੱਥ ਦੇ ਕਾਂਗਰਸੀ ਨੇਤਾ ਖਹਿਰਾ ਦੀ ਵਾਪਸੀ ਨੂੰ ਹਜ਼ਮ ਨਹੀਂ ਕਰ ਸਕੇ ਹਨ। ਉਥੇ ਹੀ ਖਹਿਰਾ ਜੋ ਅਮਰਿੰਦਰ ’ਤੇ ਵੀ ਨਿੱਜੀ ਤੌਰ ’ਤੇ ਹਮਲੇ ਬੋਲਦੇ ਰਹੇ ਹਨ, ਉਸ ਨੂੰ ਪਾਰਟੀ ਵਿਚ ਲਿਆਉਣ ਦੀ ਮਜਬੂਰੀ ਕਿਸੇ ਦੇ ਸਮਝ ਨਹੀਂ ਆ ਰਹੀ।
ਇਹ ਵੀ ਪੜ੍ਹੋ- GNA ਯੂਨੀਵਰਸਿਟੀ 'ਚ ਮਲਟੀਮੀਡੀਆ ਤੇ ਐਨੀਮੇਸ਼ਨ ਦੇ ਖੇਤਰ 'ਚ ਹਨ ਵੱਡੇ ਮੌਕੇ (ਵੀਡੀਓ)
ਰਾਣਾ ਗੁਰਜੀਤ ਨੇ ਮਸਲੇ ’ਤੇ ਚੁੱਪੀ ਧਾਰੀ ਹੋਈ ਹੈ
ਰਾਣਾ ਗੁਰਜੀਤ ਸਿੰਘ ਨੇ ਤਿੰਨ ਦਿਨ ਤੋਂ ਇਸ ਮਸਲੇ ’ਤੇ ਚੁੱਪੀ ਧਾਰੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਸਮਾਂ ਆਉਣ ’ਤੇ ਆਪਣੇ ਪੱਤੇ ਖੋਲ੍ਹਣਗੇ। ਅਜਿਹੇ ਵਿਚ ਖਹਿਰਾ ਦੀਆਂ ਮੁਸ਼ਕਿਲਾਂ ਹੁਣ ਹੋਰ ਵਧਣ ਵਾਲੀਆਂ ਹਨ ਕਿਉਂਕਿ ਰਾਣਾ ਗੁਰਜੀਤ ਸਿੰਘ ਇੰਨੀ ਆਸਾਨੀ ਨਾਲ ਖਹਿਰਾ ਨੂੰ ਜ਼ਿਲੇ ਦੀ ਕਾਂਗਰਸੀ ਰਾਜਨੀਤੀ ਵਿਚ ਜੰਮਣ ਨਹੀਂ ਦੇਣਗੇ। ਧਿਆਣਯੋਗ ਹੈ ਕਿ ਕੈਪਟਨ ਦੇ ਪਾਕਿਸਤਾਨੀ ਦੋਸਤਾਂ ਨੂੰ ਲੈ ਕੇ ਸੁਖਪਾਲ ਖਹਿਰਾ ਕਈ ਵਾਰ ਮੁੱਖ ਮੰਤਰੀ ’ਤੇ ਸਵਾਲੀਆ ਨਿਸ਼ਾਨ ਲਗਾ ਚੁੱਕੇ ਹਨ। ਅਜਿਹੇ ਵਿਚ ਖਹਿਰਾ ਨੂੰ ਵਾਪਸ ਕਿਉਂ ਲਿਆਂਦਾ ਗਿਆ ਹੈ, ਇਹ ਸਿਰਫ਼ ਅਮਰਿੰਦਰ ਸਿੰਘ ਹੀ ਬਿਹਤਰ ਜਾਣਦੇ ਹਨ।