ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ ''ਚ ਸ਼ਾਮਿਲ ਹੋਣ ''ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

06/03/2021 9:13:51 PM

ਜਲੰਧਰ (ਵੈੱਬ  ਡੈਸਕ) 'ਆਪ' ਦੇ ਬਾਗੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੁੰਦਿਆਂ ਹੀ ਸਿਆਸੀ ਹਲਕਿਆਂ 'ਚ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਪਟਿਆਲਾ ਤੋਂ ਸਾਬਕਾ ਸਾਂਸਦ ਡਾ.ਧਰਮਵੀਰ ਗਾਂਧੀ ਨੇ ਵੀ ਪੰਜਾਬ ਦੇ ਲੋਕਾਂ ਨੂੰ ਵਿਅੰਗ ਕਰਦਿਆਂ ਆਖਿਆ ਕਿ ਤੁਸੀਂ ਇਕ ਵਾਰ ਫਿਰ ਮਾਰ ਖਾ ਗਏ ਹੋ ਕਿਉਂਕਿ ਤੁਸੀਂ ਭੋਲ਼ੇ ਹੋ।ਡਾ. ਗਾਂਧੀ ਨੇ ਪੰਜਾਬੀਆਂ ਨੂੰ ਸਲਾਹ ਦਿੱਤੀ ਕਿ ਕਿਸੇ ਨੂੰ ਛੇਤੀ ਫਤਵੇ ਨਾ ਦਿਆ ਕਰੋ ਅਤੇ ਨਾ ਹੀ ਕਿਸੇ ਨੂੰ ਜਲਦੀ ਸਿਰ 'ਤੇ ਬਠਾਇਆ ਕਰੋ।ਬੰਦੇ ਨੂੰ ਉਸਦੇ ਭਾਸ਼ਣਾਂ ਤੋਂ ਨਹੀਂ ਸਗੋਂ ਵਿਵਹਾਰ ਤੋਂ ਪਰਖਿਆ ਕਰੋ।

ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿਆਸੀ ਹਲਕਿਆਂ 'ਚ ਲੱਗ ਰਹੀਆਂ ਕਿਆਸ-ਅਰਾਈਆਂ 'ਤੇ ਅੱਜ ਉਸ ਵੇਲੇ ਮੋਹਰ ਲੱਗ ਗਈ ਜਦੋਂ 'ਆਪ' ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ।ਉਨ੍ਹਾਂ ਦੇ  ਕਾਂਗਰਸ ਵਿੱਚ ਸ਼ਾਮਿਲ ਹੁੰਦਿਆਂ ਹੀ ਰਾਜਨੀਤਿਕ ਧਿਰਾਂ 'ਚ ਇਕ ਦੂਜੇ ਦੇ ਹੱਕ ਤੇ ਵਿਰੋਧ 'ਚ ਬਿਆਨਬਾਜ਼ੀ ਸ਼ੁਰੂ ਹੋ ਗਈ। ਜਿੱਥੇ ਇਕ ਪਾਸੇ ਕਾਂਗਰਸੀ ਕਾਰਕੁਨਾਂ ਨੇ ਖਹਿਰੇ ਸਮੇਤ ਬਾਕੀ ਵਿਧਾਇਕਾਂ ਦਾ ਸੁਆਗਤ ਕੀਤਾ ਤਾਂ ਦੂਜੇ ਪਾਸੇ 'ਆਪ' ਵਾਲਿਆਂ ਨੇ ਕੁਰਸੀ ਖਾਤਰ ਪਾਰਟੀ ਛੱਡਣ ਤੇ ਕਾਂਗਰਸ 'ਚ ਸ਼ਾਮਿਲ ਹੋਣ ਦੇ ਇਲਜ਼ਾਮ ਲਾਏ। ਅਜਿਹੇ 'ਚ ਡਾ.ਧਰਮਵੀਰ ਗਾਂਧੀ  ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਦੇ ਲੋਕ ਭਾਵੁਕ ਹਨ ਜੋ ਹਰ ਵਾਰ ਮਾਰ ਖਾ ਜਾਂਦੇ ਹਨ। ਚੋਣਾਂ ਦਾ ਮੌਸਮ ਨੇੜੇ ਆ ਰਿਹਾ ਹੈ ਇਸ ਕਰਕੇ ਦਲ ਬਦਲੂਆਂ ਦੇ ਰੰਗ ਹੋਰ ਸਾਹਮਣੇ ਆਉਣਗੇ।ਡਾ. ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕੇ ਬੰਦੇ ਨੂੰ ਉਸਦੇ ਭਾਸ਼ਣਾਂ ਤੋਂ ਪਰਖਣ ਦੀ ਬਜਾਏ ਵਿਵਹਾਰ ਤੋਂ ਪਰਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਬਿਨਾਂ ਪਰਖੇ ਸਿਰ 'ਤੇ ਬਿਠਾ ਲੈਣਾ ਜਾਂ ਫਤਵੇ ਦੇ ਦੇਣਾ ਪੰਜਾਬੀਆਂ ਦੇ ਭੋਲ਼ੇਪਨ ਦੀ ਨਿਸ਼ਾਨੀ ਹੈ।

ਇਹ ਵੀ ਪੜ੍ਹੋ :ਸੰਯੁਕਤ ਕਿਸਾਨ ਮੋਰਚੇ ਤੋਂ ਵੱਡੀ ਖ਼ਬਰ : ਰਜਿੰਦਰ ਦੀਪ ਸਿੰਘ ਵਾਲਾ ਹਫ਼ਤੇ ਲਈ ਸਸਪੈਂਡ

ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਰਹਾਂਗੇ
ਡਾ.ਗਾਂਧੀ ਨੇ ਕਿਹਾ ਕਿ ਉਹ  ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਰਹਿਣਗੇ।ਗੌਰਤਲਬ ਹੈ ਕਿ ਕਿਸੇ ਵਕਤ ਸੁਖਪਾਲ ਖਹਿਰਾ ਅਤੇ ਡਾ. ਗਾਂਧੀ ਨੇ ਪੰਜਾਬ ਦੀ ਖੁਦਮੁਖਤਿਆਰੀ ਦਾ ਹੋਕਾ ਦੇ ਕੇ ਪੰਜਾਬ ਵਾਸੀਆਂ ਕੋਲੋ ਵੋਟਾਂ ਮੰਗੀਆਂ ਸਨ। ਖਹਿਰਾ ਦੇ ਮੁੜ ਕਾਂਗਰਸ ਵਿੱਚ ਚਲੇ ਜਾਣ ਮਗਰੋਂ ਡਾ. ਗਾਂਧੀ ਨੇ ਇਸ ਹੋਕੇ ਨੂੰ ਦਿੰਦੇ ਰਹਿਣ ਦਾ ਅਹਿਦ ਲਿਆ ਹੈ। ਉਨ੍ਹਾਂ  ਪੰਜਾਬ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਬੇਫਿਕਰ ਰਹੋ , ਅਸੀਂ ਚਾਹੇ ਥੋੜੇ ਹੋਈਏ , ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਰਹਾਂਗੇ । ਅਸੀਂ ਪੰਜਾਬ ਦੀ ਗੱਲ ਹੀ ਕਰਾਂਗੇ , ਸਾਡੀ ਗੱਲਬਾਤ ਤੇ ਨਾਹਰੇ ਪੰਜਾਬ ਦੀ ਆਬੋ-ਹਵਾ ‘ਚ ਮੌਲਣਗੇ  ਕਿਉਂਕਿ ਸਾਡੇ ਲਈ ਅਹੁਦੇ ਨਾਲੋਂ ਪੰਜਾਬ ਵੱਡਾ ਸੀ ਤੇ ਹਮੇਸ਼ਾ ਵੱਡਾ ਰਹੇਗਾ । ਅਸੀਂ ਵੋਟਾਂ ਲਈ ਨਾ ਲੜੇ ਹਾਂ , ਨਾ ਲੜਾਂਗੇ , ਅਸੀਂ ਮੁੱਦੇ ਦੀ ਸਿਆਸਤ ਕੀਤੀ ਹੈ ਕਰਦੇ ਰਹਾਂਗੇ । 

ਇਹ ਵੀ ਪੜ੍ਹੋ :ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਕੀ ਹੋਵੇਗਾ ਅੰਦੋਲਨ ਦਾ ਭਵਿੱਖ

ਸੁਰਜੀਤ ਪਾਤਰ ਅਤੇ ਦਾਮਨ  ਦੇ ਸ਼ੇਅਰਾਂ ਨਾਲ ਕੀਤਾ ਵਿਅੰਗ
ਡਾ.ਗਾਂਧੀ ਨੇ ਸੁਰਜੀਤ ਪਾਤਰ ਅਤੇ ਦਾਮਨ ਦੇ ਸ਼ੇਅਰ ਸਾਂਝੇ ਕਰਦਿਆਂ ਸੱਤਾ ਦੇ ਲੋਭੀਆਂ 'ਤੇ ਟਕੋਰਾਂ ਵੀ ਕੀਤੀਆਂ।ਉਨ੍ਹਾਂ ਲਿਖਿਆ ਕਿ ਪਾਤਰ ਸਾਬ ਆਪਣੇ ਸ਼ੇਅਰ ‘ਚ ਇਹਨਾਂ ਕੁਰਸੀਆਂ ਦੇ ਪਾਵਿਆਂ ਲਈ ਰੰਗ ਬਦਲਦੇ ਲੋਕਾਂ ਨੂੰ ਕਹਿੰਦੇ ਹੋਏ ਉਹਨਾਂ 'ਤੇ ਤਰਸ ਵੀ ਕਰਦੇ ਹਨ ਕਿਉਂਕਿ ਉਹ ਅੱਜ ‘ਚ ਜੀਊਣਾ ਲੋਚਦੇ ਹਨ , ਉਹਨਾਂ ਦਾ ਇਹੀ ਲੋਚਣਾ ਉਹਨਾਂ ਦਾ ਕੱਲ ਫੁੰਡ ਦਿੰਦਾ ਹੈ । ਉਹ ਲਿਖਦੇ ਨੇ ਕਿ 

“ ਸ਼ਰੀਕਾਂ ਦੀ ਸ਼ਹਿ ‘ਤੇ ਭਰਾਵਾਂ ਤੋਂ ਚੋਰੀ 
 ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ 
ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ 
 ਮਰਨ  ਲਈ  ਕਿਤੇ ਦੂਰ ਮਾਂਵਾਂ ਤੋਂ  ਚੋਰੀ ! 

ਪਰ ਅਸੀਂ ਵੀ ਇਸ ਮੌਸਮ ‘ਚ ਉਸਤਾਦ ਦਾਮਨ ਦੇ ਸ਼ਬਦ ਦੁਹਰਾਉਂਦੇ ਹਾਂ ਤੇ ਦੁਹਰਾਉਂਦੇ ਰਹਾਂਗੇ ਕਿ 

“ ਬੰਦਾ ਕਰੇ ਤੇ ਕੀਹ ਨਹੀਂ ਕਰ ਸਕਦਾ ,
 ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ।
 ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ ,
 ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ । 

 

ਨੋਟ : ਡਾ.ਗਾਂਧੀ ਦੀ ਸਲਾਹ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ

Harnek Seechewal

This news is Content Editor Harnek Seechewal