ਖਹਿਰਾ ਨੇ ਨਗਰ ਪੰਚਾਇਤ ਦਫਤਰ ''ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

09/06/2017 7:04:56 AM

ਬੇਗੋਵਾਲ, (ਰਜਿੰਦਰ)- ਕਾਂਗਰਸ ਨਹੀਂ ਚਾਹੁੰਦੀ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸੀਵਰੇਜ ਵਿਭਾਗ ਦੀ ਟੀਮ ਬੇਗੋਵਾਲ ਦੇ ਸੀਵਰੇਜ ਸਿਸਟਮ ਦਾ ਜਾਇਜ਼ਾ ਲਵੇ, ਕਿਉਂਕਿ ਕਾਂਗਰਸ ਨੂੰ ਲੱਗਦਾ ਹੈ ਕਿ ਅਜਿਹੇ ਵਿਚ ਉਨ੍ਹਾਂ ਦਾ ਵੋਟ ਬੈਂਕ ਇਥੇ ਘਟ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਖਹਿਰਾ ਬੇਗੋਵਾਲ ਵਿਚਲੇ ਸੀਵਰੇਜ ਸਿਸਟਮ ਤੇ ਸ਼ਹਿਰ ਵਿਚਲੇ ਗੰਦੇ ਨਾਲੇ ਦਾ ਜਾਇਜ਼ਾ ਲੈਣ ਸਮੇਂ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੇਗੋਵਾਲ ਦੇ ਸੀਵਰੇਜ ਸਿਸਟਮ ਦਾ ਜਾਇਜ਼ਾ ਲੈਣ ਲਈ ਇਥੇ ਅੱਜ ਟੀਮ ਆਉਣੀ ਸੀ ਤੇ ਅੱਜ ਦਾ ਪ੍ਰੋਗਰਾਮ ਫਿਕਸ ਸੀ, ਪਰ ਹਲਕੇ ਤੋਂ ਬਾਹਰਲੇ ਕੁਝ ਕਾਂਗਰਸੀ ਨਹੀਂ ਚਾਹੁੰਦੇ ਸਨ ਕਿ ਸੁਖਪਾਲ ਖਹਿਰਾ ਦੀ ਮੌਜੂਦਗੀ ਵਿਚ ਟੀਮ ਸੀਵਰੇਜ ਸਿਸਟਮ ਦਾ ਜਾਇਜ਼ਾ ਲਵੇ, ਕਿਉਂਕਿ ਇਨ੍ਹਾਂ ਕਾਂਗਰਸੀਆਂ ਨੂੰ ਲੱਗਦਾ ਹੈ ਕਿ ਜੇਕਰ ਖਹਿਰਾ ਦੀ ਹਾਜ਼ਰੀ ਵਿਚ ਸ਼ਹਿਰ ਦੀ ਸਫਾਈ ਤੇ ਸੀਵਰੇਜ ਸਿਸਟਮ ਵਿਚ ਸੁਧਾਰ ਲਈ ਉਪਰਾਲਾ ਕੀਤਾ ਜਾਂਦਾ ਹੈ ਤਾਂ ਇਥੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੱਧ ਜਾਵੇਗਾ। 
ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਮੈਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਵਿਧਾਇਕ ਚੁਣਿਆ ਹੈ ਪਰ ਹੁਣ ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਹਲਕਾ ਭੁਲੱਥ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ, ਜਦਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿਚ ਹਲਕਾ ਇੰਚਾਰਜ ਨਹੀਂ ਲਗਾਇਆ ਜਾਵੇਗਾ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਹਲਕਾ ਭੁਲੱਥ ਵਿਚ ਪੰਜ ਵਿਧਾਇਕਾਂ ਨੂੰ ਹਲਕਾ ਇੰਚਾਰਜ ਲਗਾ ਦੇਵੇ , ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਵੋਟਾਂ ਤਾਂ ਹਲਕੇ ਦੇ ਲੋਕਾਂ ਨੇ ਪਾਉਣੀਆਂ ਹਨ। ਖਹਿਰਾ ਨੇ ਹੋਰ ਕਿਹਾ ਕਿ 2016 ਵਿਚ ਉਸ ਵੇਲੇ ਦੀ ਹਲਕਾ ਵਿਧਾਇਕਾ ਬੀਬੀ ਜਗੀਰ ਕੌਰ ਨੇ ਸ਼ਹਿਰ ਵਿਚੋਂ ਲੰਘਦੀ ਡਰੇਨ (ਗੰਦਾ ਨਾਲਾ) ਉੱਪਰ ਸਲੈਬਾਂ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਸੀ, ਪਰ ਇਹ ਡਰੇਨ ਹਾਲੇ ਵੀ ਸਲੈਬਾਂ ਤੋਂ ਸੱਖਣੀ ਹੈ। ਉਨ੍ਹਾਂ ਕਿਹਾ ਕਿ ਇਹ ਡਰੇਨ ਗੰਦਗੀ ਨਾਲ ਭਰੀ ਪਈ ਹੈ, ਜਿਸ ਕਾਰਨ ਇਸ ਦੇ ਆਸੇ-ਪਾਸੇ ਰਹਿੰਦੇ ਲੋਕਾਂ ਨੂੰ ਬੀਮਾਰੀਆਂ ਲੱਗ ਚੁੱਕੀਆਂ ਹਨ ਤੇ ਕੁਝ ਲੋਕ ਬੀਮਾਰੀਆਂ ਦੀ ਲਪੇਟ ਵਿਚ ਹਨ ਅਤੇ ਇਹ ਵੀ ਗੱਲ ਕਿਸੇ ਤੋਂ ਛਿਪੀ ਨਹੀਂ ਹੈ ਕਿ ਬੇਗੋਵਾਲ ਵਿਚ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿਤੈਸ਼ੀ ਮੁੱਦਿਆਂ ਲਈ ਪੰਜਾਬ ਭਰ ਵਿਚ ਸੰਘਰਸ਼ ਜਾਰੀ ਰੱਖੇਗੀ। 
ਇਸ ਮੌਕੇ ਸਾਬਕਾ ਕੌਂਸਲਰ ਜੋਗਿੰਦਰ ਸਿੰਘ, ਪ੍ਰਧਾਨ ਸੂਰਤ ਸਿੰਘ, ਹਰਜੀਤ ਸਿੰਘ ਯੂ. ਐੱਸ. ਏ., ਕੁਲਦੀਪ ਕੁਮਾਰ ਬੱਬੂ, ਕਮਲਜੀਤ ਸਿੰਘ ਬੇਗੋਵਾਲ, ਗੁਰਬਚਨ ਸਿੰਘ ਭੁੱਲਰ, ਅਮਰਜੀਤ ਸਿੰਘ ਨੌਰੰਗਪੁਰ, ਸਾਬਕਾ ਕੌਂਸਲਰ ਮਹਿੰਦਰ ਪਾਲ, ਕੁਲਵਿੰਦਰ ਸਿੰਘ ਭੁੱਲਰ, ਸੁਰਿੰਦਰ ਸੇਠੀ, ਹਰਭਜਨ ਸਿੰਘ ਸੰਧੂ, ਜੋਗਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਵਿਰਕ, ਕਾਲੀ ਮਹਿਰਾ, ਨਰਿੰਦਰਜੀਤ ਪਿੰਟੂ ਭੁਲੱਰ, ਰਿੰਕਾ ਘੁੰਮਣ, ਕਸ਼ਮੀਰ ਸਿੰਘ ਸੰਧੂ ਆਦਿ ਹਾਜ਼ਰ ਸਨ।