ਖਹਿਰਾ ਡਰੱਗ ਮਾਫੀਆ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਆਪਣੀ ਪਾਰਟੀ ਖਿਲਾਫ ਬੋਲ ਰਿਹੈ : ਬਾਦਲ

11/16/2017 7:06:44 AM

ਫ਼ਤਿਹਗੜ੍ਹ ਸਾਹਿਬ  (ਜਗਦੇਵ) - ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਿਰਫ ਮੀਡੀਆ ਦੀਆਂ ਸੁਰਖੀਆਂ ਬਣਿਆ ਰਹਿਣਾ ਚਾਹੁੰਦਾ ਹੈ ਤੇ ਆਪਣੇ 'ਤੇ ਲੱਗ ਰਹੇ ਡਰੱਗ ਮਾਫੀਆ ਦੇ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪ੍ਰਦੂਸ਼ਣ ਮਾਮਲੇ 'ਤੇ ਆਪਣੀ ਹੀ ਪਾਰਟੀ ਦੇ ਖਿਲਾਫ ਬੋਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੁਖਬੀਰ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਟਰੱਸਟ ਦੀ ਮੀਟਿੰਗ 'ਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਉਹ ਡਰੱਗ ਮਾਮਲੇ 'ਚ ਜੇਲ ਅੰਦਰ ਜਾਏਗਾ। ਇਸ ਮੌਕੇ ਸ. ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਮੰਗੇ ਸਮੇਂ ਦੇ ਸਬੰਧ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਆਪਣੇ ਮੰਤਰੀਆਂ, ਐੱਮ. ਪੀਜ਼ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਨਹੀਂ ਮਿਲਦੇ। ਇਸ ਲਈ ਕੇਜਰੀਵਾਲ ਨੂੰ ਮਾਈਂਡ ਨਹੀਂ ਕਰਨਾ ਚਾਹੀਦਾ ਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ।  ਉਨ੍ਹਾਂ ਨਾਲ ਹੀ ਕਿਹਾ ਕਿ ਕੈਪਟਨ ਨੂੰ ਸਰਕਾਰ ਹੀ ਨਹੀਂ ਚਲਾਉਣੀ ਆਉਂਦੀ, ਜਿਸ ਕਾਰਨ ਲੋਕ ਇਸ ਸਰਕਾਰ ਤੋਂ ਹੁਣ ਤੋਂ ਹੀ ਮੂੰਹ ਮੋੜ ਗਏ ਤੇ ਹਰ ਵਰਗ ਸੜਕਾਂ 'ਤੇ ਉਤਰਿਆ ਪਿਆ ਹੈ। ਜੇ ਸਰਕਾਰ ਚਲਾਉਣੀ ਆਉਂਦੀ ਹੁੰਦੀ ਤਾਂ ਰਾਜ ਦੇ ਖਜ਼ਾਨੇ ਦੀ ਫਾਈਨਾਂਸ਼ੀਅਲ ਸਥਿਤੀ ਮਜ਼ਬੂਤ ਹੁੰਦੀ, ਜਦੋਂ ਕਿ ਅਕਾਲੀ ਦਲ ਨੇ ਪਿਛਲੇ 10 ਸਾਲ ਸਰਕਾਰ ਚਲਾਈ ਕੋਈ ਅਜਿਹੀ ਸਥਿਤੀ ਪੇਸ਼ ਹੀ ਨਹੀਂ ਆਈ।
 ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਟਰੱਸਟ ਵੱਲੋਂ ਅਗਲੇ ਪੰਜ ਸਾਲਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਇਹ ਮੀਟਿੰਗ ਸਾਰਥਕ ਸਿੱਧ ਹੋਵੇਗੀ, ਜਿਸ ਨੂੰ ਲੈ ਕੇ ਇਹ ਮੀਟਿੰਗ ਸੱਦੀ ਗਈ ਹੈ। ਇਸ ਮੌਕੇ ਯੂਨੀਵਰਸਿਟੀ ਟਰੱਸਟ ਮੈਂਬਰ ਸੁਖਬੀਰ ਸਿੰਘ ਬਾਦਲ, ਚਾਂਸਲਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਰਿੰਦਰ ਸਿੰਘ ਲਿਬੜਾ, ਚਰਨਜੀਤ ਸਿੰਘ ਬਰਾੜ, ਰੂਪੀ ਵਿਰਕ ਤੋਂ ਇਲਾਵਾ ਯੂਨੀਵਰਸਿਟੀ ਟਰੱਸਟ ਦੇ ਮੈਂਬਰ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਬੀਬੀ ਕਿਰਨਜੋਤ ਕੌਰ, ਰਘੁਜੀਤ ਸਿੰਘ ਵਿਰਕ, ਬੀਬੀ ਪਰਮਜੀਤ ਕੌਰ ਲਾਂਡਰਾ, ਆਰ. ਐੱਸ. ਮਾਨ, ਅਮਰਜੀਤ ਸਿੰਘ ਸਿੱਧੂ, ਬਲਦੇਵ ਸਿੰਘ ਕਾਇਮਪੁਰ, ਜੈਪਾਲ ਸਿੰਘ ਮੰਡੀਆਂ, ਹਰਜਿੰਦਰ ਸਿੰਘ ਧਾਮੀ, ਸੁਰਿੰਦਰ ਸਿੰਘ ਠੇਕੇਦਾਰ, ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ, ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ ਤੇ ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ ਵੀ ਹਾਜ਼ਰ ਸਨ।