ਖਹਿਰਾ ਦੀ ਕਾਂਗਰਸ ਪ੍ਰਧਾਨ ਜਾਖੜ ਨੂੰ ਚੁਣੌਤੀ, ਕਿਹਾ - ਸਮਾਂ ਦੱਸੋ ਮੈਂ ਹਾਜ਼ਰ ਹੋ ਜਾਵਾਂਗਾ

09/26/2017 10:05:48 AM

ਚੰਡੀਗੜ੍ਹ — ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਗੁਰਦਾਸਪੁਰ ਲੋਕ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਸੂਬੇ ਦੀ ਵਰਤਮਾਨ ਸਿਆਸੀ ਸਥਿਤੀ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਅੱਜ ਸਵੀਕਾਰ ਕਰਦੇ ਹੋਏ ਕਿਹਾ ਕਿ ਸਿਆਸੀ ਬਹਿਸ ਲਈ ਦਿਨ ਤੇ ਸਮੇਂ ਜਾਖੜ ਤੈਅ ਕਰਨ।
ਖਹਿਰਾ ਨੇ ਇਥੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਉਮੀਦਵਾਰ ਦੀ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰਦੀ ਹੈ ਤੇ ਜਾਖੜ ਬਹਿਸ ਲਈ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਤੇ ਸੂਬਾ ਪ੍ਰਧਾਨ ਭਗਵੰਤ ਮਾਨ 'ਚੋਂ ਕਿਸੇ ਨੂੰ ਵੀ ਚੁਣ ਸਕਦੇ ਹਨ ਜਾਂ ਫਿਰ ਉਹ ਖੁਦ ਵੀ ਸਿਆਸੀ ਬਹਿਸ ਲਈ ਤਿਆਰ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਨ੍ਹਾਂ ਪੈਸੇ, ਨਸ਼ੇ ਜਾਂ ਤਾਕਤ ਦੇ ਸਾਫ ਸੁਥਰੀ ਰਾਜਨੀਤੀ ਕਰਨ ਦੇ ਪੈਰੋਕਾਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਰਦਾਸਪੁਰ ਦੇ ਵੋਟਰਾਂ ਨੂੰ ਰਿਝਾਉਣ ਲਈ ਕੋਈ ਵੱਡੀ ਰੈਲੀ ਨਹੀਂ ਕਰੇਗੀ ਤੇ ਨਾ ਹੀ ਪੈਸਾ ਪਾਣੀ ਦੀ ਤਰ੍ਹਾਂ ਵਹਾਉਣਗੇ।
'ਆਪ' ਆਗੂ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਕਾਂਗਰਸ ਉਮੀਦਵਾਰ ਵੀ ਇਨ੍ਹਾਂ ਮੁੱਲਾਂ ਦਾ ਸਮਰਥਨ ਕਰੇ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਪਹਿਲਾਂ ਤੋਂ ਵਿਗੜੀ ਚੋਣ ਵਿਵਸਥਾ ਨੂੰ ਹੋਰ ਵਿਗਾੜਨ ਦੀ ਬਜਾਇ ਵਿਕਸਿਤ ਦੇਸ਼ਾਂ ਦੀ ਤਰ੍ਹਾਂ ਮੀਡੀਆ ਦੇ ਜ਼ਰੀਏ ਖੁੱਲ੍ਹੀ ਬਹਿਸ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੁੱਲ੍ਹੀ ਬਹਿਸ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾ ਰਾਜ 'ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਜਿਹੇ ਮੁੱਦਿਆਂ 'ਤੇ ਚਰਚਾ ਕਰਨਾ ਚਾਹੇਗੀ। ਇਸ ਤਰ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਅਸਫਲਤਾਵਾਂ ਜਿਵੇਂ ਵਿਕਾਸ ਦਰ 'ਚ ਗਿਰਾਵਟ, ਨੋਟਬੰਦੀ, ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ 'ਚ ਅਸਫਲਤਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੂੰ 10 ਹੋਰ ਸਾਲਾ ਲਈ ਉਦਯੋਗਿਕ ਟੈਕਸ 'ਚ ਛੂਟ ਦੇਣਾ ਪਰ ਪੰਜਾਬ ਨਾਲ ਭੇਦਭਾਵ ਕਰਨਾ ਆਦਿ ਮੁੱਦਿਆਂ 'ਤੇ ਵੀ ਗੱਲ ਕਰਨਗੇ।