ਖਹਿਰਾ ਦੀ ਬੇੜੀ ਡੋਬਣਗੇ ਜਾਂ ਪਾਰ ਲਾਉਣਗੇ ਐੱਨ.ਆਰ. ਆਈਜ਼ ?

11/08/2018 7:44:17 PM

ਜਲੰਧਰ (ਜਸਬੀਰ ਵਾਟਾਂ ਵਾਲੀ)-ਪੰਜਾਬ ਦੀ ਸਿਆਸਤ ਵਿਚ ਅੱਜ ਉਸ ਵੇਲੇ ਵੱਡੀ ਹਲਚਲ ਹੋਈ ਜਦੋਂ ਐੱਨਆਰਆਈਜ਼ ਨੇ ਖੁਲ੍ਹੇਆਮ ਹੀ ਸੁਖਪਾਲ ਖਹਿਰਾ ਦੀ ਪਿੱਠ ਥਾਪੜ ਦਿੱਤੀ। ਇਸ ਸਬੰਧੀ 100 ਦੇ ਕਰੀਬ ਐੱਨ. ਆਰ. ਆਈਜ਼ ਨੇ ਕੇਜਰੀਵਾਲ ਨੂੰ ਰੋਸ ਭਰੀ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ 'ਤੇ ਗੰਭੀਰ ਦੋਸ਼ ਵੀ ਲਗਾਏ। ਇਸ ਚਿੱਠੀ 'ਚ ਉਨ੍ਹਾਂ ਨੇ ਲਿਖਿਆ ਕਿ ਅਸੀਂ ਪਾਰਟੀ ਨੂੰ ਹਜ਼ਾਰਾਂ ਡਾਲਰ ਭੇਜੇ ਪਰ ਕੇਜਰੀਵਾਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗਣ ਅਤੇ ਆਮ ਆਦਮੀ ਪਾਰਟੀ 'ਚੋਂ ਸੁਖਪਾਲ ਖਹਿਰਾ ਨੂੰ ਕੱਢੇ ਜਾਣ ਤੋਂ ਬਾਅਦ ਐੱਨ. ਆਰ. ਆਈਜ਼. ਕਾਫੀ ਗੁੱਸੇ ਵਿਚ ਹਨ। ਖਹਿਰਾ ਦਾ ਸਾਥ ਦੇਣ ਵਾਲਿਆਂ 'ਚ ਕੈਨੇਡਾ, ਯੂਰਪ, ਆਸਟ੍ਰੇਲੀਆ ਸਣੇ ਕਈ ਹੋਰ ਦੇਸ਼ਾਂ ਦੇ ਐੱਨ.ਆਰ. ਆਈਜ਼ ਸ਼ਾਮਲ ਹਨ ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਐੱਨਆਰਆਈਜ਼ ਦੇ ਸਮੱਰਥਨ ਨਾਲ ਸੁਖਪਾਲ ਖਹਿਰਾ ਮਜ਼ਬੂਤ ਹੋਣਗੇ ਜਾਂ ਨਹੀਂ ! ਜਨਗਣਨਾ ਦੇ ਹਿਸਾਬ ਨਾਲ ਜੇਕਰ ਐੱਨਆਰਆਈਜ਼ ਦੀਆਂ ਕੁੱਲ ਵੋਟਾਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਰਜਿਸਟਰਡ ਵੋਟਾਂ ਸਿਰਫ ਤੇ ਸਿਰਫ 314 ਹੀ ਹਨ, ਜਦਕਿ ਇਲੈਕਸ਼ਨ ਕਮਿਸ਼ਨ ਦੀ ਜਨਵਰੀ 2018 ਦੀ ਰਿਪੋਰਟ ਮੁਤਾਬਕ ਸੂਬਾ ਪੰਜਾਬ ਦੇ ਕੁੱਲ ਵੋਟਰਾਂ ਦੀ ਗਿਣਤੀ 2,014,75,537 ਹੈ । ਇਨ੍ਹਾਂ ਵੋਟਾਂ ਵਿਚ 62.52 ਵੋਟਾਂ ਪੇਂਡੂ ਖੇਤਰ ਦੀਆਂ ਹਨ ਅਤੇ 37.48 ਵੋਟਾਂ ਸ਼ਹਿਰੀ ਖੇਤਰ ਨਾਲ ਸਬੰਧਿਤ ਹਨ। ਇਸੇ ਤਰ੍ਹਾਂ 70 ਲੱਖ ਦੇ ਕਰੀਬ ਵੋਟ ਐੱਨਆਰਆਈਜ਼ ਦੀ ਵੀ ਹੈ ਪਰ ਇਹ ਵੋਟ ਇੱਥੇ ਰਜਿਸਟਰਡ ਨਹੀਂ ਹੈ। ਇਸਦਾ ਸਿੱਧਾ-ਸਿੱਧਾ ਮਤਲਬ ਹੈ ਕਿ ਐੱਨਆਰਆਈਜ਼ ਵੋਟ ਦੇ ਹਿਸਾਬ ਨਾਲ ਪੰਜਾਬ ਦੀ ਰਾਜਨੀਤੀ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦੇ।

ਇਕ ਸੱਚਾਈ ਇਹ ਵੀ ਹੈ ਕਿ ਜੇਕਰ ਐੱਨਆਰਆਈਜ਼ ਨੂੰ ਪ੍ਰੌਕਸੀ ਵੋਟਿੰਗ ਦਾ ਆਧਿਕਾਰ ਮਿਲ ਜਾਂਦਾ ਹੈ ਤਾਂ ਉਹ ਉੱਥੇ ਬੈਠੇ ਹੀ ਵੋਟਾਂ ਪਾ ਕੇ ਪੰਜਾਬ ਦੀ ਰਾਜਨੀਤੀ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਜੇਕਰ ਪੰਜਾਬ ਦੀ ਰਾਜਨੀਤੀ ਵਿਚ ਐੱਨਆਰਆਈਜ਼ ਦੇ ਹੋਰ ਪ੍ਰਭਾਵ ਨੂੰ ਦੇਖੀਏ ਤਾਂ ਵੋਟਾਂ ਵੇਲੇ ਰਾਜਨੀਤਕ ਪਾਰਟੀਆਂ ਨੂੰ ਇਨ੍ਹਾਂ ਵੱਲੋਂ ਕੀਤੀ ਜਾਂਦੀ ਫੰਡਿਗ ਵੀ ਇੱਥੋਂ ਦੀ ਰਾਜਨੀਤੀ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਐੱਨਆਰਆਈਜ਼ ਵੱਲੋਂ ਕੀਤੀ ਗਈ ਫੰਡਿਗ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਜ਼ਮੀਨੀ ਰਾਜਨੀਤਕ ਪਿੜ ’ਤੇ ਝਾਤੀ ਮਾਰੀਏ ਤਾਂ ਪੰਜਾਬ ਵਿਚ ਸ਼ਹਿਰੀ ਖੇਤਰ ਵਾਲੀਆਂ ਜਿਆਦਾਤਰ ਸੀਟਾਂ ’ਤੇ ਹਿੰਦੂ ਵੋਟਰਾਂ ਦਾ ਦਬਦਬਾ ਹੈ। ਵੋਟਾਂ ਦੇ ਹਿਸਾਬ ਨਾਲ ਇਨ੍ਹਾਂ ਦੀ ਕੁੱਲ ਗਿਣਤੀ 40 ਫੀਸਦੀ ਦੇ ਕਰੀਬ ਹੈ। ਇਹ ਵੋਟਰ ਖਹਿਰਾ ਨੂੰ ਐੱਨਆਰਆਈਜ਼ ਦਾ ਮਿਲ ਰਹੇ ਸਾਥ ਕਾਰਨ ਉਸਦੇ ਵਿਰੋਧ ਵਿਚ ਭੁਗਤ ਸਕਦੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਜਿਆਦਾਤਰ ਐੱਨਆਰਆਈਜ਼ ਕੱਟੜਪੰਥੀ ਅਤੇ ਖਾਲਿਸਤਾਨੀ ਸਮੱਰਥਕ ਹਨ ਜਿਨ੍ਹਾਂ ਨੂੰ ਹਿੰਦੂ ਵੋਟਰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਇਸ ਦੀ ਇਕ ਉਦਾਰਨ 2017 ਦੀਆਂ ਵਿਧਾਨ ਸਭਾ ਵਿਚ ਵੀ ਦੇਖਣ ਨੂੰ ਮਿਲੀ ਸੀ, ਜਦੋਂ ਕੇਜਰੀਵਾਲ ਨੇ ਕੇ. ਐੱਲ. ਐੱਫ ਚੀਫ ਦੇ ਘਰ ਰਾਤ ਗੁਜਾਰੀ ਸੀ। ਉਸ ਮੌਕੇ ਪੰਜਾਬ ਦਾ ਲਗਭਗ ਹਿੰਦੂ ਵੋਟਰ ਕੇਜਰੀਵਾਲ ਦੇ ਖਿਲਾਫ ਭੁਗਤਿਆ ਸੀ, ਜਿਸਦਾ ਸਿੱਧਾ-ਸਿੱਧਾ ਫਾਇਦਾ ਕਾਂਗਰਸ ਸਰਕਾਰ ਨੂੰ ਮਿਲਿਆ ਸੀ। ਇਸ ਹਿਸਾਬ ਨਾਲ ਸੁੱਖਪਾਲ ਖਹਿਰਾ ਨੂੰ ਐੱਨਆਰਆਈਜ਼ ਅਤੇ ਖਾਲਿਸਤਾਨੀ ਸਮੱਰਥਕਾਂ ਦਾ ਮਿਲਿਆ ਸਮੱਰਥਨ ਪੰਜਾਬ ਦੇ ਹਿੰਦੂ ਵੋਟਰ ਨੂੰ ਸੁਖਪਾਲ ਖਹਿਰਾ ਨਾਲੋਂ ਦੂਰ ਕਰ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਨੂੰ ਐੱਨਆਰਆਈਜ਼ ਦਾ ਮਿਲਿਆ ਇਹ ਸਾਥ ਉਸ ਦੀ ਬੇੜੀ ਪਾਰ ਲਾਉਣ ਵਿਚ ਸਹਾਇਤਾ ਕਰਗਾ ਜਾਂ ਅੱਧਵਾਟੇ ਡੋਬਣ ਦਾ ਕਾਰਨ ਬਣ ਜਾਵੇਗਾ।