ਖਹਿਰਾ ਆਡੀਓ ਮਾਮਲਾ : ''ਆਪ'' ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਗਵਰਨਰ ਨੂੰ ਮਿਲੇ

11/27/2017 9:30:03 PM

ਚੰਡੀਗੜ੍ਹ— ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਦੇ ਪੱਖ 'ਚ ਅੱਜ ਇਕ ਆਡੀਓ ਰਿਲੀਜ਼ ਕੀਤੀ। ਇਸ  ਆਡੀਓ 'ਚ ਮੁਅੱਤਲ ਕੀਤੇ ਗਏ ਪੀ. ਸੀ. ਐਸ. ਅਧਿਕਾਰੀਆਂ ਅਮਿਤ ਚੌਧਰੀ ਅਤੇ ਟੀ. ਕੇ. ਗੋਇਲ ਦੀ ਗੱਲਬਾਤ ਨੂੰ ਸੁਣਿਆ ਗਿਆ। ਜਿਸ 'ਚ ਜੱਜ ਏ. ਬੀ. ਚੌਧਰੀ ਨੂੰ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਰਿਵੀਜ਼ਨ ਪਟੀਸ਼ਨ ਰੱਦ ਕਰਨ ਲਈ 35 ਲੱਖ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਇਸ ਸਾਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਅਤੇ ਪੰਜਾਬ ਦੇ ਗਵਰਨਰ ਨੂੰ ਮਿਲਣ ਦੀ ਵੀ ਗੱਲ ਕਹੀ ਸੀ।
ਜਿਸ ਤੋਂ ਬਾਅਦ ਅੱਜ ਸ਼ਾਮ 'ਆਪ' ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਵਲੋਂ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ, ਜੋ ਕੀ ਦੇਰ ਸ਼ਾਮ ਖਤਮ ਹੋ ਗਈ। ਮੁਲਾਕਾਤ ਖਤਮ ਹੋਣ ਤੋਂ ਬਾਅਦ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਮਾਮਲੇ 'ਚ ਅਸੀਂ ਪੰਜਾਬ ਦੇ ਗਵਰਨਰ ਸਾਹਮਣੇ ਆਡੀਓ ਕਲਿੰਪ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕਰਵਾਉਣ ਅਤੇ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੁੱਝ ਦਿੱਗਜ ਆਗੂ ਮਿਲ ਕੇ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।