ਖਹਿਰਾ ਧੜੇ ਵਲੋਂ ਪਟਿਆਲਾ ''ਚ ਰੱਖੀ ਰੈਲੀ ''ਚ ਸ਼ਾਮਲ ਹੋਣਗੇ ਡਾ. ਧਰਮਵੀਰ ਗਾਂਧੀ

09/08/2018 3:35:42 PM

ਪਟਿਆਲਾ(ਬਿਊਰੋ)—'ਆਪ' ਦੇ ਦੋ ਵਿਧਾਇਕਾਂ ਵਲੋਂ 9 ਸਤੰਬਰ ਨੂੰ ਪਟਿਆਲਾ ਵਿਚ ਰੱਖੀ ਗਈ ਖਹਿਰਾ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਮਿਲੇ ਲਿਖਤੀ ਸੱਦੇ ਤੋਂ ਬਾਅਦ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੇ ਗਰੁੱਪ ਨਾਲ ਸਲਾਹ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਰੈਲੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਸਪਸ਼ੱਟ ਕਰ ਦਿੱਤਾ ਹੈ ਕਿ ਉਹ 'ਆਪ' ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਉਹ ਰੈਲੀ ਵਿਚ ਸਿਰਫ ਇਸ ਕਰਕੇ ਸ਼ਾਮਲ ਹੋ ਰਹੇ ਹਨ ਤਾਂ ਕਿ ਆਪਣੇ ਵਿਚਾਰ ਉਥੇ ਰੱਖ ਸਕਣ, ਕਿਉਂਕਿ ਖਹਿਰਾ ਹੁਣ ਤੱਕ ਪੰਜਾਬ ਪੱਖੀ ਫੈਸਲੇ ਕਰ ਰਹੇ ਹਨ।

ਅੱਗੇ ਉਨ੍ਹਾਂ ਕਿਹਾ ਕਿ ਜੇਕਰ 'ਆਪ' ਦਾ ਬਖੇੜਾ ਠੀਕ ਹੋ ਜਾਂਦਾ ਹੈ ਅਤੇ 'ਆਪ' ਉਸ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਲੀਡਰਸ਼ਿਪ ਵੀ ਅਰਵਿੰਦ ਕੇਜਰੀਵਾਲ ਦੀ ਕੇਂਦਰੀਵਾਦ ਵਾਲੀ ਨੀਤੀ 'ਤੇ ਚੱਲੇਗੀ ਤਾਂ ਉਹ ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਲੜਾਈ ਲੜ ਰਹੇ ਹਨ ਅਤੇ ਪੰਜਾਬ ਦੇ ਹਿਤ ਲਈ ਲੜਨ ਵਾਲੇ ਕਿਸੇ ਵੀ ਵਿਅਕਤੀ ਨਾਲ ਉਹ ਗੱਲ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ 'ਆਪ' ਕਾਂਗਰਸ ਨਾਲ ਸਮਝੌਤਾ ਕਰਦੀ ਹੈ ਤਾਂ ਉਹ ਕਦੇ ਵੀ 'ਆਪ' ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਸ੍ਰੀ ਜਗਮੀਤ ਬਰਾੜ ਦੀ ਰੈਲੀ ਵਿਚ ਜਾਣ ਦਾ ਕਾਰਨ ਵੀ ਇਹੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ।