ਖਡੂਰ ਸਾਹਿਬ ਦੇ ਹਲਕੇ ''ਚ ਉਪ ਚੋਣ ਦਾ ਪ੍ਰਚਾਰ ਹੋਇਆ ਬੰਦ

02/12/2016 12:56:38 PM

ਚੰਡੀਗੜ੍ਹ (ਭੁੱਲਰ)- ਖਡੂਰ ਸਾਹਿਬ ਵਿਧਾਨ ਸਭਾ ਉਪ ਚੋਣ ਲਈ ਪ੍ਰਚਾਰ ਬੰਦ ਹੋ ਗਿਆ ਹੈ। ਇਥੇ ਵੋਟਾਂ 13 ਫਰਵਰੀ ਨੂੰ ਪੈਣੀਆਂ ਹਨ ਅਤੇ ਨਤੀਜਾ 16 ਫਰਵਰੀ ਨੂੰ ਆਏਗਾ। ਇਸ ਹਲਕੇ ''ਚ ਮੁੱਖ ਉਮੀਦਵਾਰ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਹਨ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੈਦਾਨ ''ਚ ਨਾ ਉਤਰਣ ਕਾਰਨ ਬ੍ਰਹਮਪੁਰਾ ਦਾ ਮੁਕਾਬਲਾ ਆਜ਼ਾਦ ਉਮੀਦਵਾਰਾਂ ਨਾਲ ਹੀ ਹੈ।

ਇਸ ਤਰ੍ਹਾਂ ਇਹ ਇਕ ਪਾਸੜ ਚੋਣ ਹੀ ਸਾਬਤ ਹੋਵੇਗੀ। ਆਜ਼ਾਦ ਉਮੀਦਵਾਰਾਂ ''ਚ ਵੀ ਕਾਂਗਰਸ ਤੋਂ ਬਾਗੀ ਹੋ ਕੇ ਭੁਪਿੰਦਰ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਸੁਮੇਲ ਸਿੰਘ ਹੀ ਪ੍ਰਚਾਰ ''ਚ ਸਰਗਰਮ ਰਹੇ ਹਨ। ਇਸੇ ਦੌਰਾਨ ਚੋਣਾਂ ਦੇ ਸਮੇਂ ਸਹੀ ਪਛਾਣ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਖਡੂਰ ਸਾਹਿਬ ਅਸੈਂਬਲੀ ਹਲਕੇ ਦੇ ਵੋਟਰਾਂ ਨੂੰ ਫੋਟੋ ਪਛਾਣ ਪੱਤਰ ਪੋਲਿੰਗ ਸਟੇਸ਼ਨ ਵਿਖੇ ਲਿਜਾਣ ਲਈ ਕਿਹਾ ਹੈ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਿੰਘ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਲਿਮਟਿਡ ਕੰਪਨੀਆਂ ਵਲੋਂ  ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਵਾਲੀ ਪਾਸਬੁੱਕ, ਪੈਨ ਕਾਰਡ, ਆਰ. ਜੀ. ਆਈ. ਵਲੋਂ ਐੱਨ. ਪੀ. ਆਰ. ਤਹਿਤ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਚੋਣ ਮਸ਼ੀਨਰੀ ਦੁਆਰਾ ਜਾਰੀ ਅਧਿਕਾਰਤ ਵੋਟਰ ਸਲਿੱਪ ਜਾਂ ਸੰਸਦ ਮੈਂਬਰਾਂ, ਵਿਧਾਨ ਸਭਾ ਮੈਂਬਰਾਂ ਜਾਂ ਮਿਊਂਸੀਪਲ ਕੌਂਸਲਰਾਂ ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
 

Anuradha Sharma

This news is News Editor Anuradha Sharma