ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਲੰਧਰ ਤੋਂ ਭੇਜੀ ਗਈ ਰਾਹਤ ਸਮੱਗਰੀ

08/20/2018 12:24:18 PM

ਜਲੰਧਰ (ਸੋਨੂੰ)— ਕੇਰਲ 'ਚ ਬੀਤੇ ਦਿਨਾਂ ਤੋਂ ਭਿਆਨਕ ਹੜ੍ਹ ਨਾਲ ਜੂਝ ਰਹੇ ਲੋਕਾਂ ਲਈ ਕੇਂਦਰ ਸਰਕਾਰ ਨੇ ਜਿੱਥੇ 500 ਕਰੋੜ ਦੇਣ ਦਾ ਐਲਾਨ ਕੀਤਾ ਹੈ, ਉਥੇ ਹੀ ਬਾਕੀ ਸੂਬੇ ਵੀ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਪੰਜਾਬ ਸਰਕਾਰ ਨੇ ਵੀ ਕੇਰਲ ਨੂੰ 10 ਕਰੋੜ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਰ ਜ਼ਿਲਾ ਕੇਰਲ ਲਈ ਮਦਦ ਭੇਜ ਰਿਹਾ ਹੈ। ਇਸ ਦੇ ਚਲਦਿਆਂ ਜਲੰਧਰ ਤੋਂ ਵੀ 1 ਹਜ਼ਾਰ ਕੁਇੰਟਲ ਰਾਹਤ ਸਮੱਗਰੀ ਕੇਰਲ ਨੂੰ ਭੇਜੀ ਗਈ ਹੈ। ਭੇਜੀ ਗਈ ਰਾਹਤ ਸਮੱਗਰੀ ਦੇ ਟਰੱਕ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ, ਕਾਂਗਰਸ ਨੇਤਾ ਸੁਸ਼ੀਲ ਰਿੰਕੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਹਰੀ ਝੰਡੀ ਆਦਮਪੁਰ ਏਅਰਪੋਰਟ ਲਈ ਰਵਾਨਾ ਕੀਤੇ ਗਏ। 

ਸੰਸਦ ਮੈਂਬਰ ਸੰਤੋਖ ਚੌਧਰੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ ਤੋਂ 1000 ਕੁਇੰਟਲ ਰਾਹਤ ਸਮੱਗਰੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੋਰ 500 ਟਨ ਦੀ ਰਾਹਤ ਸਮੱਗਰੀ ਸਮੱਗਰੀ ਆਦਮਪੁਰ ਏਅਰਪੋਰਟ ਤੋਂ ਸ਼ਾਮ ਨੂੰ ਕੇਰਲ ਲਈ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਹਤ ਸਮੱਗਰੀ 'ਚ ਇਸ ਤਰ੍ਹਾਂ ਦੀ ਸਮੱਗਰੀ ਭੇਜੀ ਜਾ ਰਹੀ  ਹੈ, ਜੋ ਜ਼ਿਆਦਾ ਸਮੇਂ ਤੱਕ ਚੱਲ ਸਕੇ ਅਤੇ ਇਸ ਦੀ ਪੈਕਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਹਾਜ਼ ਤੋਂ ਹੇਠਾਂ ਸੁੱਟਣ ਦੌਰਾਨ ਇਹ ਫਟਣ ਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਈ ਜਾ ਸਕੇ।