ਕੇਜਰੀਵਾਲ-ਮਜੀਠੀਆ ਮੁੱਦੇ 'ਤੇ ਫੂਲਕਾ ਦੀ 'ਆਪ' ਨੂੰ ਨਸੀਹਤ

03/17/2018 4:52:13 PM

ਚੰਡੀਗੜ੍ਹ - ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗਣ ਦੇ ਮੁੱਦੇ 'ਤੇ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਟਵੀਟ ਕਰਕੇ ਪੰਜਾਬ ਦੇ 'ਆਪ' ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਖੁਦਮੁਖਤਿਆਰੀ ਦੀ ਮੰਗ ਕਰੋ ਤੇ ਵੱਖ ਪਾਰਟੀ ਨਾ ਬਣਾਓ। ਪੰਜਾਬ ਆਪ ਆਗੂਆਂ ਨੂੰ ਨੈਸ਼ਨਲ ਪਾਰਟੀ 'ਆਪ' ਦੇ ਨਾਲ ਮਿਲ ਕੇ ਇਕ ਖੇਤਰੀ ਪਾਰਟੀ ਦੇ ਰੂਪ 'ਚ ਕੰਮ ਕਰਨਾ ਚਾਹੀਦਾ ਹੈ।

ਉਥੇ ਹੀ ਕੇਜਰੀਵਾਲ ਦੇ ਇਸ ਕਦਮ ਲਈ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੀ ਮੰਡਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਰਾਜ ਸਭਾ ਚੋਣਾਂ ਨੂੰ ਲੈ ਕੇ ਆਪ ਦੇ ਅੰਦਰ ਆਈ ਦਰਾਰ ਇਸ ਮਾਮਲੇ ਨਾਲ ਹੋਰ ਗਹਿਰਾ ਗਈ ਹੈ, ਉਥੇ ਹੀ ਪੰਜਾਬ 'ਚ 'ਆਪ' ਆਗੂ, ਵਿਧਾਇਕ ਤੇ ਕਾਰਜਕਰਤਾ ਇਕ ਵੱਖ ਪਾਰਟੀ ਬਣਾ ਸਕਦੇ ਹਨ। 'ਆਪ' ਦੀ ਪੰਜਾਬ ਪਾਰਟੀ ਇਕਾਈ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਖੁਦ ਨੂੰ ਵੱਖ ਕਰ ਲਿਆ ਹੈ। ਉਹ ਮਜੀਠੀਆ 'ਤੇ ਡਰੱਗ ਕਾਰੋਬਾਰ 'ਚ ਸ਼ਾਮਲ ਹੋਣ ਦੇ ਬਿਆਨ 'ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਆਖਿਰ ਤਕ ਲੜਨਗੇ ਤੇ ਬਿਕਰਮ ਮਜੀਠੀਆ ਨੂੰ ਜੇਲ ਭਿਜਵਾ ਕੇ ਹੀ ਦਮ ਲੈਣਗੇ। ਜ਼ਿਕਰਯੋਗ ਹੈ ਕਿ ਮਜੀਠੀਆ ਨੇ ਇਸ ਮਾਮਲੇ 'ਚ ਤਿੰਨ 'ਆਪ' ਆਗੂਆਂ ਦੇ ਖਿਲਾਫ ਮਾਨਹਾਨੀ ਦਾ ਮੁਕਦਮਾ ਕੀਤਾ ਸੀ। ਕੇਜਰੀਵਾਲ ਤੋਂ ਇਲਾਵਾ ਅਸ਼ੀਸ਼ ਖੇਤਾਨ ਨੇ ਵੀ ਮੁਆਫੀ ਮੰਗ ਲਈ ਹੈ। ਉਨ੍ਹਾਂ ਮੁਆਫੀਨਾਮਾ ਸੰਜੈ ਸਿੰਘ ਦੇ ਕੋਲ ਭੇਜਿਆ ਵੀ ਸੀ ਪਰ ਉਨ੍ਹਾਂ ਨੇ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਅਦਾਲਤ 'ਚ ਸੰਜੈ ਸਿੰਘ ਦੀ ਪੈਰਵੀ ਕਰ ਰਹੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਮਾਨਹਾਨੀ ਦੇ ਮਾਮਲੇ 'ਚ ਵੱਧ ਤੋਂ ਵੱਧ ਦੋ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।