ਉੱਠੇ ਵਿਵਾਦ ਤੋਂ ਬਾਅਦ ਕੇਜਰੀਵਾਲ ਦਾ ਗੱਲਬਾਤ ਲਈ ਅਜੇ ਤੱਕ ਕੋਈ ਸੁਨੇਹਾ ਨਹੀਂ ਮਿਲਿਆ: ਖਹਿਰਾ

10/06/2018 9:44:44 AM

ਮਾਲੇਰਕੋਟਲਾ(ਜ.ਬ.)— ਉੱਠੇ ਵਿਵਾਦ ਤੋਂ ਬਾਅਦ ਕੇਜਰੀਵਾਲ ਦਾ ਗੱਲਬਾਤ ਲਈ ਕੋਈ ਸੁਨੇਹਾ ਨਹੀਂ ਮਿਲਿਆ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਖੋਖਰ ਮਾਰਕੀਟ ਵਿਖੇ ਆਪਣੀ ਫੇਰੀ ਦੌਰਾਨ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ 15 ਦਿਨ ਪਹਿਲਾਂ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਸੀ ਜੋ ਗੱਲਬਾਤ ਲਈ ਤਿਆਰ ਹੈ ਅਤੇ ਅਸੂਲਾਂ ਤਹਿਤ ਸਮਝੌਤਾ ਕਰਨ ਲਈ ਗੱਲਬਾਤ ਕਰੇਗੀ। ਪੰਜਾਬੀਆਂ ਦੀ ਤਰਾਸਦੀ ਹੈ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲਿਆ, ਉਥੇ ਆਮ ਇਨਸਾਨ ਲਈ ਇਨਸਾਫ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਸ. ਖਹਿਰਾ ਨੇ ਕਿਹਾ ਕਿ 7 ਦਾ ਰੋਸ ਮਾਰਚ ਕਿਸੇ ਇਕ ਪਾਰਟੀ ਦਾ ਪ੍ਰੋਗਰਾਮ ਨਾ ਹੋ ਕੇ ਸਭ ਦਾ ਸਾਂਝਾ ਪ੍ਰੋਗਰਾਮ ਹੈ, ਇਸ ਲਈ ਉਕਤ ਰੋਸ ਮਾਰਚ ਨੂੰ ਕਿਸੇ ਖਾਸ ਪਾਰਟੀ ਨਾਲ ਜੋੜਨਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਆਪਸ 'ਚ ਮਿਲ ਕੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਲਈ ਉਸੇ ਦਿਨ ਆਪਣੀਆਂ-ਆਪਣੀਆਂ ਰੈਲੀਆਂ ਰੱਖੀਆਂ ਹਨ। ਸ. ਖਹਿਰਾ ਨੇ ਕਿਹਾ ਕਿ ਡੇਢ ਸਾਲ ਦੇ ਅਰਸੇ 'ਚ ਕੈਪਟਨ ਕਦੇ ਲੰਬੀ ਨਹੀਂ ਵੜਿਆ ਫਿਰ ਅਚਾਨਕ ਉਥੇ ਰੈਲੀ ਦੀ ਕੀ ਤੁੱਕ ਬਣਦੀ ਹੈ, ਦੂਜੇ ਪਾਸੇ ਪਟਿਆਲਾ ਰੈਲੀ 'ਚ ਜਾਣ ਵਾਲੇ ਲੋਕ ਓਹੀ ਹੋਣਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਹੋਣਗੇ।

ਸ. ਢੀਂਡਸਾ ਵੱਲੋਂ ਦਿੱਤੇ ਅਸਤੀਫੇ ਸਬੰਧੀ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਸੂਲਾਂ ਨੂੰ ਲੰਬੇ ਸਮੇਂ ਤੋਂ ਤਿਲਾਂਜਲੀ ਦਿੱਤੀ ਹੋਈ ਹੈ। ਇਕ ਸਵਾਲ ਦੇ ਜਵਾਬ 'ਚ ਸ. ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਪਰਾਲੀ ਸੰਭਾਲਣ ਸਬੰਧੀ ਕੋਈ ਮਸ਼ੀਨਰੀ ਮੁਹੱਈਆ ਨਹੀਂ ਕਰਵਾਉਂਦੀ ਤਾਂ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਪਰਾਲੀ ਦੀ ਸੰਭਾਲ ਲਈ ਪੈਸਾ ਕਿੱਥੋਂ ਲਿਆਉਣਗੇ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਲੋਕ ਸਭਾ ਚੋਣਾਂ ਲਈ ਉਹ ਕੋਈ ਨਵੀਂ ਰਣਨੀਤੀ ਅਪਨਾਉਣਗੇ। ਅਧਿਆਪਕਾਂ ਦੀਆਂ ਤਨਖਾਹਾਂ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਪੜ੍ਹੇ-ਲਿਖੇ ਲੋਕਾਂ ਪ੍ਰਤੀ ਬਹੁਤ ਹੀ ਭੱਦਾ ਮਜ਼ਾਕ ਹੈ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ ਅਤੇ  ਪਰਮਿੰਦਰ ਸਿੰਘ ਗੋਗਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਖਾਸ ਤੌਰ 'ਤੇ ਮੌਜੂਦ ਸਨ।


Related News