''ਸੂਬੇ ''ਚ ਵਧ ਰਿਹਾ ਹਥਿਆਰ ਰੱਖਣ ਦਾ ਕਰੇਜ਼, ਧੱਕ ਰਿਹਾ ਨੌਜਵਾਨਾਂ ਨੂੰ ਅਪਰਾਧ ਵੱਲ''

12/20/2017 7:15:35 AM

ਕਪੂਰਥਲਾ, (ਭੂਸ਼ਣ)- ਸੂਬੇ ਦੀਆਂ ਸੜਕਾਂ 'ਤੇ ਲਗਾਤਾਰ ਮੰਡਰਾਅ ਰਿਹਾ ਹੈ ਮੌਤ ਦਾ ਖ਼ਤਰਾ । ਬੀਤੇ ਕਝ ਸਾਲਾਂ ਦੌਰਾਨ ਸੂਬੇ ਨਾਲ ਸਬੰਧਤ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਲੋਂ ਛੋਟੀ-ਮੋਟੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਫਾਇਰਿੰਗ ਕਰਨ ਦੇ ਵੱਡੀ ਗਿਣਤੀ 'ਚ ਮਾਮਲੇ ਦਰਜ ਕਰਨ ਦੇ ਬਾਵਜੂਦ ਵੀ ਸੜਕਾਂ 'ਤੇ ਹਾਲੇ ਵੀ ਅਜਿਹੀਆਂ ਘਟਨਾਵਾਂ ਦਾ ਖ਼ਤਰਾ ਲਗਾਤਾਰ ਮੰਡਰਾਅ ਰਿਹਾ ਹੈ। ਬੀਤੇ ਦਿਨੀਂ ਕਪੂਰਥਲਾ ਪੁਲਸ ਵੱਲੋਂ ਪਿੰਡ ਖੁਖਰੈਣ 'ਚ ਕੁਝ ਨਿਹੰਗਾਂ 'ਤੇ ਮਾਮੂਲੀ ਗੱਲ ਨੂੰ ਲੈ ਕੇ ਫਾਇਰਿੰਗ ਕਰਕੇ ਇਕ ਸੇਵਾਦਾਰ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਦੌਰਾਨ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਅਜਿਹੀਆਂ ਘਟਨਾਵਾਂ ਨਾਲ ਜੁੜੀ ਹੋਈ ਹੈ। ਜਿਸ ਦੌਰਾਨ ਰਸਤੇ ਨੂੰ ਲੈ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਵਰਗੀ ਵਾਰਦਾਤ ਨੂੰ ਅੰਜਾਮ  ਦੇ ਦਿੱਤਾ।   
ਲੋਕਾਂ 'ਚ ਫੈਲ ਰਹੀ ਭਾਰੀ ਦਹਿਸ਼ਤ
ਬੀਤੇ 2 ਦਹਾਕੇ ਦੌਰਾਨ ਜੇਕਰ ਸੂਬੇ ਭਰ 'ਚ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਸੂਬਾ ਪੁਲਸ ਵਲੋਂ ਅਜਿਹੇ ਘੱਟ ਤੋਂ ਘੱਟ 100 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ 'ਚ ਸੜਕ 'ਤੇ ਚਲਦੇ ਵਾਹਨ ਡਰਾਈਵਰਾਂ ਨੇ ਛੋਟੇ-ਮੋਟੇ ਵਿਵਾਦ ਨੂੰ ਲੈ ਕੇ ਆਪਣੇ ਕੋਲ ਰੱਖੀ ਲਾਇਸੈਂਸੀ ਜਾਂ ਨਾਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕਰਕੇ ਜਾਂ ਤਾਂ ਕਿਸੇ ਰਾਹਗੀਰ ਨੂੰ ਜ਼ਖ਼ਮੀ ਕਰ ਦਿੱਤਾ ਜਾਂ ਫਿਰ ਰਾਹਗੀਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਅਜਿਹੇ ਮਾਮਲਿਆਂ 'ਚ ਕਈ ਵਾਰ ਤਾਂ ਮਾਮੂਲੀ ਗੱਲ 'ਤੇ ਫਾਇਰਿੰਗ ਕਰਨ ਵਾਲੇ ਜ਼ਿਆਦਾਤਰ ਵਾਹਨ ਸਵਾਰ ਜਾਂ ਤਾਂ ਸ਼ਰਾਬੀ ਹਾਲਤ 'ਚ ਮਿਲੇ ਜਾਂ ਉਨ੍ਹਾਂ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਦੇਖਣ ਨੂੰ ਨਹੀਂ ਮਿਲਿਆ, ਹਾਲਾਂਕਿ ਇਸ ਦੌਰਾਨ ਹਾਇਵੇ 'ਤੇ ਜਾ ਰਹੇ ਕਈ ਗੈਂਗਸਟਰਾਂ ਵੱਲੋਂ ਵੀ ਰਸਤਾ ਨਾ ਦੇਣ ਨੂੰ ਲੈ ਕੇ ਕਈ ਮੁਸਾਫਿਰਾਂ ਨੂੰ ਫਾਇਰਿੰਗ ਕਰਕੇ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਜਿਸਦੇ ਕਾਰਨ ਕਈ ਵਾਰ ਤਾਂ ਲੋਕ ਸੜਕ 'ਚ ਗੱਡੀ ਦੀ ਜਾਣੇ-ਅਨਜਾਣੇ 'ਚ ਟੱਕਰ ਹੋ ਜਾਣ 'ਤੇ ਵੀ ਹੁਣ ਦੂਜੇ ਪੱਖ ਨਾਲ ਵਾਦ-ਵਿਵਾਦ ਕਰਨ ਤੋਂ ਡਰਨ ਲੱਗ ਪਏ ਹਨ , ਜੋ ਕਿਤੇ ਨਾ ਕਿਤੇ ਸੂਬੇ 'ਚ ਹਥਿਆਰ ਰੱਖਣ ਦੇ ਲਗਾਤਾਰ ਵਧ ਰਹੇ ਸਿਲਸਿਲੇ ਦੇ ਕਾਰਨ ਲੋਕਾਂ 'ਚ ਫੈਲੀ ਭਾਰੀ ਦਹਿਸ਼ਤ ਦਾ ਸਪੱਸ਼ਟ ਪ੍ਰਮਾਣ ਹੈ।