ਨਵੇਂ ਸਾਲ ''ਚ ਵੀ ਕੂੜੇ ਦੇ ਢੇਰ ''ਚੋਂ ਭਵਿੱਖ ਲੱਭਦਾ ਰਹੇਗਾ ਬਚਪਨ!

01/01/2018 6:47:56 AM

ਕਪੂਰਥਲਾ, (ਗੁਰਵਿੰਦਰ ਕੌਰ)- ਅੱਜ ਨਵੇਂ ਸਾਲ ਦੇ ਮੌਕੇ 'ਤੇ ਜਿਥੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਨਵੇਂ ਸਾਲ ਦੀ ਵਧਾਈ ਦੇ ਕੇ ਜਸ਼ਨ ਮਨਾਉਣ 'ਚ ਰੁੱਝੇ ਹੋਏ ਹਨ, ਉਥੇ ਹੀ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਲਈ ਨਵੇਂ ਸਾਲ ਦਾ ਪਹਿਲਾ ਦਿਨ ਪਿਛਲੇ ਸਾਲ ਦੀ ਤਰ੍ਹਾਂ ਕੂੜੇ ਦੇ ਢੇਰ 'ਚੋਂ ਆਪਣੇ ਪਰਿਵਾਰ ਲਈ ਰੋਟੀ ਦੇ ਜੁਗਾੜ ਲਈ ਜੱਦੋ-ਜਹਿਦ ਕਰਨ ਤੋਂ ਸ਼ੁਰੂ ਹੋਵੇਗਾ।
ਮਾਂ-ਬਾਪ ਦੇ ਹੁੰਦੇ ਹੋਏ ਤੇ ਸਰਕਾਰ ਦੇ ਸਮਾਜਿਕ, ਬਾਲ ਸੁਰੱਖਿਆ ਤੇ ਭਲਾਈ ਵਿਭਾਗ ਦੇ ਲੱਖਾਂ ਵਾਅਦਿਆਂ ਦੇ ਬਾਵਜੂਦ ਇਹ ਬੱਚੇ ਪੜ੍ਹਨ-ਲਿਖਣ ਦੀ ਉਮਰ ਵਿਚ ਕੂੜੇ ਦੇ ਢੇਰਾਂ ਵਿਚ ਮਿੱਟੀ ਹੋਣ ਲਈ ਮਜਬੂਰ ਹਨ। ਹੈਰਾਨੀ ਦੀ ਗੱਲ ਹੈ ਕਿ ਲੱਖਾਂ ਰੁਪਏ ਦੇ ਬਜਟ ਵਾਲਾ ਰੈੱਡ ਕ੍ਰਾਸ ਤੇ ਸਿੱਖਿਆ ਵਿਭਾਗ ਪਤਾ ਨਹੀਂ ਕਿਨ੍ਹਾਂ ਲੋਕਾਂ ਦੀ ਭਲਾਈ ਕਰਨ ਵਿਚ ਵਿਅਸਤ ਹੈ, ਜਦਕਿ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵੱਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ 14 ਸਾਲਾਂ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਸਕੂਲ ਜਾਣ ਤੋਂ ਵਾਂਝਾ ਨਹੀਂ ਰਹੇਗਾ।

ਮੋਢੇ 'ਤੇ ਸਕੂਲ ਬੈਗ ਦੀ ਬਜਾਏ ਬੋਰੀ ਟੰਗ ਕੇ ਲੱਭਦੇ ਹਨ ਭਵਿੱਖ
ਇਹ ਆਜ਼ਾਦ ਭਾਰਤ ਦੇ ਅਜਿਹੇ ਬੱਚੇ ਹਨ, ਜਿਨ੍ਹਾਂ ਦੇ ਦਰਵਾਜ਼ਿਆਂ 'ਤੇ ਖੁਸ਼ੀਆਂ ਨੇ ਕਦੇ ਦਸਤਕ ਨਹੀਂ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਹੈ। ਇਹ ਛੋਟੇ-ਛੋਟੇ ਬੱਚੇ ਦਿਨ ਚੜ੍ਹਦੇ ਹੀ ਸਿੱਖਿਆ ਦਾ ਅਧਿਕਾਰ ਜਿਹੀਆਂ ਬੁਨਿਆਦੀ ਸਹੂਤਾਂ ਦੇ ਤਹਿਤ ਮੋਢੇ 'ਤੇ ਸਕੂਲ ਬੈਗ ਦੀ ਬਜਾਏ ਬੋਰੀ ਟੰਗ ਕੇ ਕੂੜੇ ਦੇ ਢੇਰਾਂ ਵਿਚ ਘੁੰਮ ਕੇ ਆਪਣਾ ਭਵਿੱਖ ਲੱਭਦੇ ਹਨ। ਅਜਿਹੇ ਬੱਚੇ ਹੋਟਲਾਂ, ਢਾਬਿਆਂ, ਭੱਠਿਆਂ ਆਦਿ ਵਿਚ ਮਜ਼ਦੂਰੀ ਕਰਦੇ ਨਜ਼ਰ ਆਉਂਦੇ ਹਨ ਤੇ ਆਪਣੇ ਘਰ-ਪਰਿਵਾਰ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦਾ ਬੋਝ ਬਿਨਾਂ ਕਿਸੇ ਖੁਸ਼ੀ ਦੇ ਜਿਊਣ ਲਈ ਮਜਬੂਰ ਹੁੰਦੇ ਹਨ।
ਮਜਬੂਰੀਆਂ ਹੇਠ ਦੱਬੇ ਹਨ ਸੁਪਨੇ
ਬਾਲ ਮਜ਼ਦੂਰੀ ਦੇ ਸਬੰਧ ਵਿਚ ਜਦ ਬਾਲ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋ ਸਮੇਂ ਦੀ ਰੋਟੀ ਕਮਾਉਣਾ ਹੀ ਉਨ੍ਹਾਂ ਲਈ ਕਾਨੂੰਨ ਹੈ ਤੇ ਸਖਤ ਮਿਹਨਤ ਦੇ ਨਾਲ ਹੀ ਉਨ੍ਹਾਂ ਨੂੰ 2 ਸਮੇਂ ਦੀ ਰੋਟੀ ਨਸੀਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੀ ਮਨ ਕਰਦਾ ਹੈ ਕਿ ਦੂਜੇ ਬੱਚਿਆਂ ਵਾਂਗ ਸਾਡੇ ਬੱਚੇ ਵੀ ਸਕੂਲ ਜਾਣ ਪਰ ਸਾਡੇ ਸੁਪਨੇ ਮਜਬੂਰੀਆਂ ਹੇਠ ਦੱਬੇ ਹੋਏ ਹਨ।
ਲੇਬਰ ਐਕਟ 'ਚ ਸਜ਼ਾ ਤੇ ਜੁਰਮਾਨਾ ਦੋਵਾਂ ਦਾ ਪ੍ਰਬੰਧ
-  14 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਮਜ਼ਦੂਰੀ ਕਰਵਾਉਣੀ ਕਾਨੂੰਨ ਅਪਰਾਧ ਹੈ।
-  ਲੇਬਰ ਐਕਟ ਦੇ ਤਹਿਤ ਸਜ਼ਾ ਤੇ ਜੁਰਮਾਨਾ ਦੋਵਾਂ ਦਾ ਪ੍ਰਬੰਧ ਹੈ।
-  14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਤੋਂ ਖਤਰਨਾਕ ਸਥਾਨਾਂ 'ਤੇ ਕੰਮ ਕਰਵਾਉਣਾ ਵੀ ਐਕਟ ਦੇ ਤਹਿਤ ਕਾਨੂੰਨੀ ਅਪਰਾਧ ਮੰਨਿਆ ਗਿਆ ਹੈ।
-  ਐਕਟ ਦੇ ਤਹਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਘੱਟ ਤੋਂ ਘੱਟ 1 ਸਾਲ ਤੇ ਜ਼ਿਆਦਾ ਤੋਂ ਜ਼ਿਆਦਾ 3 ਸਾਲ ਦੀ ਜੇਲ ਹੋ ਸਕਦੀ ਹੈ।
-  ਇਸ ਦੇ ਨਾਲ ਹੀ ਦੋਸ਼ੀ ਪਾਏ ਗਏ ਵਿਅਕਤੀ ਨੂੰ ਘੱਟ ਤੋਂ ਘੱਟ 20 ਹਜ਼ਾਰ ਤੇ ਜ਼ਿਆਦਾ ਤੋਂ ਜ਼ਿਆਦਾ 50 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।
-  ਇਕ ਵਾਰ ਮਜ਼ਦੂਰੀ ਕਰਦੇ ਹੋਏ ਫੜਿਆ ਗਿਆ ਬੱਚਾ ਜੇ ਫਿਰ ਮਜ਼ਦੂਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਂ-ਬਾਪ ਨੂੰ 10 ਹਜ਼ਾਰ ਰੁਪਏ ਜੁਰਮਾਨੇ ਦਾ ਵੀ ਐਕਟ ਵਿਚ ਪ੍ਰਬੰਧ ਹੈ।