ਕੁਦਰਤੀ ਸਾਈਜ਼ ''ਚ ਹੀ ਵਹੇਗੀ ਕੌਸ਼ੱਲਿਆ ਨਦੀ, ਹੁਣ ਨਹੀਂ ਮੋੜਿਆ ਜਾਏਗਾ ਰੁਖ਼

07/24/2017 8:01:12 AM

ਚੰਡੀਗੜ੍ਹ  (ਅਰਚਨਾ) - ਪਿੰਜੌਰ-ਕਾਲਕਾ ਅਰਬਨ ਕੰਪਲੈਕਸ-2031 ਦੇ ਰਿਵਾਈਜ਼ਡ ਮਾਸਟਰ ਪਲਾਨ 'ਚ ਕੌਸ਼ੱਲਿਆ ਨਦੀ ਕੁਦਰਤੀ ਸਾਈਜ਼ 'ਚ ਹੀ ਰਹੇਗੀ। 2014 'ਚ ਪ੍ਰਵਾਨਿਤ ਮਾਸਟਰ ਪਲਾਨ 'ਚ ਕੌਸ਼ੱਲਿਆ ਨਦੀ ਦੇ ਰੁਖ਼ ਨੂੰ ਮੋੜਨ ਦੀ ਪਲਾਨਿੰਗ ਕੀਤੀ ਗਈ ਸੀ। ਨਦੀ ਦੇ ਉਸ ਹਿੱਸੇ ਨੂੰ ਮੋੜਨ ਦੀ ਪਲਾਨਿੰਗ ਕੀਤੀ ਗਈ ਸੀ, ਜਿਸ 'ਚ ਘੱਗਰ ਨਦੀ ਦਾ ਇਕ ਕੰਢਾ ਕੌਸ਼ੱਲਿਆ ਨਾਲ ਮਿਲ ਰਿਹਾ ਸੀ। ਹਰਿਆਣਾ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਡਿਪਾਰਟਮੈਂਟ ਨੇ 2031 ਦੇ ਮਾਸਟਰ ਪਲਾਨ ਨੂੰ ਮਨਜ਼ੂਰੀ ਤਾਂ ਦੇ ਦਿੱਤੀ ਸੀ ਪਰ ਪਲਾਨ ਨੂੰ ਬਾਅਦ 'ਚ ਰਿਵਾਈਜ਼ ਕਰਨ ਲਈ ਕਿਹਾ ਗਿਆ। ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਇਨ੍ਹੀਂ ਦਿਨੀਂ ਰਿਵਾਈਜ਼ ਪਲਾਨ ਨੂੰ ਤਿਆਰ ਕਰ ਰਿਹਾ ਹੈ ਤੇ ਹੁਣ ਤਕ ਦੀ ਪਲਾਨਿੰਗ 'ਚ ਕੌਸ਼ੱਲਿਆ ਨਦੀ ਨੂੰ ਮੋੜਨ ਦੀ ਪਲਾਨਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਨਦੀ ਦੀ ਕੁਦਰਤੀ ਖੂਬਸੂਰਤੀ ਨਾਲ ਛੇੜਛਾੜ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ 'ਤੇ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਨਿਕਲਣ ਵਾਲੀ ਕੌਸ਼ੱਲਿਆ ਨਦੀ ਪੰਚਕੂਲਾ ਜ਼ਿਲੇ 'ਚ ਵਗਦੀ ਹੈ ਤੇ ਪਿੰਜੌਰ ਨੇੜੇ ਪਹੁੰਚਣ 'ਤੇ ਘੱਗਰ ਨਦੀ ਦੇ ਨਾਲ ਮਿਲਦੀ ਹੈ। ਸੂਤਰਾਂ ਦੀ ਮੰਨੀਏ ਤਾਂ ਪਲਾਨਿੰਗ 'ਚ ਘੱਗਰ ਨਦੀ ਦੇ ਕੰਢਿਆਂ ਨੂੰ ਆਕਰਸ਼ਿਤ ਬਣਾਉਣ ਲਈ ਇਕ ਲਈਅਰ ਵੈਲੀ ਬਣਾਉਣ ਦੀ ਯੋਜਨਾ ਵੀ ਹੈ। ਕੰਢਿਆਂ 'ਤੇ ਅਜਿਹੇ ਪੁਆਇੰਟ ਤਿਆਰ ਕਰਨ ਦੀ ਪਲਾਨਿੰਗ ਕੀਤੀ ਗਈ ਹੈ, ਜੋ ਰੈਜ਼ੀਡੈਂਟਸ ਦੇ ਨਾਲ-ਨਾਲ ਸੈਲਾਨੀਆਂ ਦੀ ਵੀ ਖਿੱਚ ਦਾ ਕਾਰਨ ਬਣੇਗੀ। ਹਾਲਾਂਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਘੱਗਰ ਨਦੀ 'ਤੇ ਬਣਾਏ ਜਾਣ ਵਾਲੇ ਰੀਕ੍ਰਿਏਸ਼ਨਲ ਪੁਆਇੰਟ ਸੰਬੰਧਿਤ ਆਬਾਦੀ ਦੇ ਰੁਝਾਨ ਨੂੰ ਧਿਆਨ 'ਚ ਰੱਖਦੇ ਹੋਏ ਬਣਾਏ ਜਾਣਗੇ। ਘੱਗਰ ਦੇ ਹੀ ਨੇੜੇ ਇਕ ਸਟੇਡੀਅਮ ਬਣਾਏ ਜਾਣ ਦਾ ਵੀ ਮਤਾ ਹੈ।
ਇਹ ਹਨ ਪਿੰਜੌਰ-ਕਾਲਕਾ ਅਰਬਨ ਕੰਪਲੈਕਸ 2031 ਪਲਾਨ ਦੀਆਂ ਖੂਬੀਆਂ
* ਸੈਕਟਰ-33 ਨੂੰ ਸ਼ਾਮਲ ਕਰਨ ਵਾਲੇ ਪਲਾਨ 'ਚ 2031 ਤਕ 5 ਲੱਖ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਯੋਜਨਾ ਬਣਾਈ ਗਈ ਸੀ।
* 4,777.32 ਹੈਕਟੇਅਰ ਦੀ ਜ਼ਮੀਨ 'ਤੇ 965.59 ਹੈਕਟੇਅਰ ਜ਼ਮੀਨ ਨੂੰ ਬਿਲਡਅਪ ਏਰੀਏ ਵਜੋਂ ਰੱਖਿਆ ਗਿਆ ਹੈ।
* ਪੰਚਕੂਲਾ ਅਰਬਨ ਅਸਟੇਟ ਦੇ ਮੁਕਾਬਲੇ ਦੁੱਗਣੀ ਜਗ੍ਹਾ ਲਈ ਤਿਆਰ ਕੀਤਾ ਗਿਆ ਹੈ।
* ਪਲਾਨਿੰਗ ਦੌਰਾਨ ਜ਼ਮੀਨ ਦੀ ਸੈਟੇਲਾਈਟ ਇਮੇਜ ਵੀ ਲਈ ਗਈ ਸੀ।
* 1,100.13 ਹੈਕਟੇਅਰ ਜ਼ਮੀਨ ਨੂੰ ਰੈਜ਼ੀਡੈਂਸ਼ੀਅਲ ਏਰੀਆ ਦਿਖਾਇਆ ਗਿਆ ਹੈ।
* ਪਿੰਜੌਰ, ਕਾਲਕਾ 'ਚ ਪਬਲਿਕ ਤੇ ਸੈਮੀ-ਪਬਲਿਕ ਜ਼ੋਨ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ।
* ਪਿੰਜੌਰ-ਕਾਲਕਾ ਟਾਊਨ 'ਚ ਕਿਉਂਕਿ ਐਜੂਕੇਸ਼ਨ ਤੇ ਮੈਡੀਕਲ ਸੁਵਿਧਾਵਾਂ ਦੀ ਘਾਟ ਹੈ, ਇਸੇ ਨੂੰ ਧਿਆਨ 'ਚ ਰੱਖਦੇ ਹੋਏ 83 ਹੈਕਟੇਅਰ ਦੀ ਜ਼ਮੀਨ 'ਤੇ ਇੰਸਟੀਚਿਊਸ਼ਨਲ ਬਿਲਡਿੰਗ ਦਾ ਨਿਰਮਾਣ ਕੀਤਾ ਜਾਏਗਾ।
* ਪਿੰਜੌਰ ਤੇ ਨਾਲਾਗੜ੍ਹ ਰੋਡ 'ਤੇ ਇਕ ਸੈਕਟਰ ਦਾ ਨਿਰਮਾਣ ਹੋਵੇਗਾ, ਜਿਸ 'ਚ ਪਬਲਿਕ ਤੇ ਸੈਮੀ-ਪਬਲਿਕ ਵਰਤੋਂ ਨੂੰ ਧਿਆਨ 'ਚ ਰੱਖਿਆ ਜਾਏਗਾ।
* ਪਿੰਜੌਰ-ਪ੍ਰਵਾਣੂ ਬਾਈਪਾਸ 'ਤੇ 100 ਮੀਟਰ ਲੰਬੀ ਗ੍ਰੀਨ ਬੈਲਟ ਰੱਖੀ ਗਈ ਹੈ।

ਹਾਊਸਿੰਗ ਪ੍ਰੋਜੈਕਟ ਨਿਪਟੇਗਾ ਕੁਦਰਤੀ ਕਹਿਰਾਂ ਨਾਲ
ਸੂਤਰਾਂ ਦਾ ਕਹਿਣਾ ਹੈ ਕਿ ਮਾਸਟਰ ਪਲਾਨ 'ਚ 1,100.13 ਹੈਕਟੇਅਰ ਜ਼ਮੀਨ ਨੂੰ ਰੈਜ਼ੀਡੈਂਸ਼ੀਅਲ ਏਰੀਏ ਵਜੋਂ ਦਿਖਾਇਆ ਗਿਆ ਹੈ। ਉਸ 'ਚ ਅਜਿਹੀ ਹਾਊਸਿੰਗ ਸਕੀਮ ਦੀ ਪਲਾਨਿੰਗ ਕੀਤੀ ਜਾ ਰਹੀ ਹੈ, ਜਿਸ 'ਚ ਘਰਾਂ ਨੂੰ ਕੁਦਰਤੀ ਕਹਿਰਾਂ ਨਾਲ ਨਿਪਟਣ ਲਈ ਵੀ ਤਿਆਰ ਕੀਤਾ ਜਾਏਗਾ। ਜ਼ੋਨ 'ਚ 598.78 ਹੈਕਟੇਅਰ ਜ਼ਮੀਨ ਨੂੰ ਇੰਡਸਟ੍ਰੀਅਲ ਵਰਤੋਂ ਲਈ ਤਿਆਰ ਕੀਤਾ ਜਾਏਗਾ। ਪਿੰਜੌਰ ਤੇ ਨਾਲਾਗੜ੍ਹ ਰੋਡ 'ਤੇ ਇੰਡਸਟ੍ਰੀਅਲ ਯੂਨਿਟ ਨੂੰ ਇਸ ਕਾਰਨ ਸਫਲ ਮੰਨਿਆ ਜਾ ਰਿਹਾ ਹੈ ਕਿਉਂਕਿ ਉਕਤ ਜ਼ੋਨ ਟ੍ਰਾਂਸਪੋਰਟ ਦੇ ਲਿਹਾਜ਼ ਨਾਲ ਵਿਕਸਿਤ ਹੈ। ਸਿਰਫ ਇਹੋ ਨਹੀਂ, ਕਾਲਕਾ ਤੇ ਨਾਲਾਗੜ੍ਹ ਸੜਕ 'ਤੇ ਵਾਧੂ ਕਮਰਸ਼ੀਅਲ ਬੈਲਟ ਦੀ ਸਥਾਪਨਾ 243.32 ਹੈਕਟੇਅਰ ਜ਼ਮੀਨ 'ਤੇ ਕਰਨ ਦਾ ਮਤਾ ਵੀ ਰੱਖਿਆ ਗਿਆ ਹੈ।
ਪਲਾਨਿੰਗ 'ਚ ਪਿੰਜੌਰ ਨੂੰ ਇੰਡਸਟ੍ਰੀਅਲ ਸਾਈਟ ਵਜੋਂ ਵੇਖਿਆ ਗਿਆ ਹੈ। ਇਥੇ ਸਿਰਫ ਅਜਿਹੀ ਇੰਡਸਟ੍ਰੀਜ਼ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਜਾਏਗੀ, ਜੋ ਪ੍ਰਦੂਸ਼ਣ ਰਹਿਤ ਹੋਵੇਗੀ। ਪਲਾਨਿੰਗ 'ਚ ਐਜੂਕੇਸ਼ਨਲ ਤੇ ਮੈਡੀਕਲ ਇੰਸਟੀਚਿਊਟਸ ਲਈ ਵਿਸ਼ੇਸ਼ ਪਲਾਨ ਬਣਾਇਆ ਗਿਆ ਹੈ ਕਿਉਂਕਿ ਇਸ ਏਰੀਏ 'ਚ ਮੈਡੀਕਲ ਤੇ ਵਿਦਿਅਕ ਸੰਸਥਾਵਾਂ ਦੀ ਘਾਟ ਹੈ।