ਕਠੂਆ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ

04/17/2018 11:52:52 AM

ਹੁਸ਼ਿਆਰਪੁਰ (ਘੁੰਮਣ)— ਕਠੂਆ (ਜੰਮੂ-ਕਸ਼ਮੀਰ) 'ਚ ਇਕ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਕਤਲ ਕਰਨ ਦੀ ਘਿਨੌਣੀ ਘਟਨਾ ਅਤੇ ਉੱਤਰ ਪ੍ਰਦੇਸ਼ 'ਚ ਇਕ ਨਾਬਾਲਗ ਲੜਕੀ ਨਾਲ ਸਿਆਸੀ ਆਗੂਆਂ ਵੱਲੋਂ ਕੀਤੇ ਗਏ ਜਬਰ-ਜ਼ਨਾਹ ਵਿਰੁੱਧ ਸੋਮਵਾਰ ਇਥੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਰੋਸ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਯੂ. ਪੀ. ਸਰਕਾਰਾਂ ਤੋਂ ਇਲਾਵਾ ਜੰਮੂ-ਕਸ਼ਮੀਰ ਸਰਕਾਰ ਖਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। 
ਪ੍ਰ੍ਰਦਰਸ਼ਨਕਾਰੀਆਂ ਨੂੰ ਵਿਦਿਆਰਥੀ ਯੂਨੀਅਨ ਆਗੂਆਂ ਹਰਪ੍ਰੀਤ ਸਿੰਘ ਸ਼ੇਰਪੁਰੀਆ, ਮਨਿੰਦਰ ਸਹੋਤਾ, ਕਰਣ ਸੈਣੀ, ਰੋਹਿਤ ਸੀਕਰੀ, ਗੁਰਪ੍ਰੀਤ ਲਾਂਬੜਾ, ਅਰਸ਼ ਲਾਂਬੜਾ, ਰਵੀ, ਮਨਪ੍ਰੀਤ, ਗੁਰਵਿੰਦਰ ਰੰਧਾਵਾ, ਅਲਕਾ ਰਾਣੀ, ਸ਼ਸ਼ੀ ਚਾਹਤ, ਅਰਸ਼, ਨਿਸ਼ਾ ਰਾਣੀ, ਅਨੂ ਆਦਿ ਨੇ ਮੰਗ ਕੀਤੀ ਕਿ ਕਠੂਆ ਦੀ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 
ਬੁਲਾਰਿਆਂ ਨੇ ਕਿਹਾ ਕਿ ਮੋਦੀ ਦੇ ਰਾਜ ਵਿਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇਸ ਘਿਨੌਣੇ ਜੁਰਮ 'ਚ ਸੱਤਾਧਾਰੀ ਆਗੂ ਵੀ ਸ਼ਾਮਲ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਸਬੰਧਤ ਸੂਬਾ ਸਰਕਾਰਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਭਵਿੱਖ 'ਚ ਕੋਈ ਵੀ ਸਿਆਸੀ ਆਗੂ ਅਜਿਹੀ ਹਰਕਤ ਨਾ ਕਰ ਸਕੇ।