ਕਠੂਆ ਕਾਂਡ : ਮਹਿਲਾ ਕਾਂਗਰਸ ਮੰਡਲ ਨੇ ਰੋਸ ਵਜੋਂ ਮਨਾਇਆ ''ਕਾਲਾ ਦਿਨ''

04/18/2018 3:51:37 AM

ਸੁਲਤਾਨਪੁਰ ਲੋਧੀ, (ਧੀਰ)- ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਅੱਠ ਸਾਲਾ ਬੱਚੀ ਆਸਿਫਾ ਦੇ ਨਾਲ ਹੋਏ ਜਬਰ-ਜ਼ਨਾਹ ਤੋਂ ਬਾਅਦ ਉਸ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕਰਦਿਆਂ ਅੱਜ ਮਹਿਲਾ ਕਾਂਗਰਸ ਮੰਡਲ ਨੇ ਪ੍ਰਧਾਨ ਸੁਨੀਤਾ ਧੀਰ ਦੀ ਅਗਵਾਈ ਹੇਠ ਰੋਸ ਵਜੋਂ 'ਕਾਲਾ ਦਿਨ' ਮਨਾਇਆ ਤੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।
 ਸੰਬੋਧਨ ਕਰਦਿਆਂ ਪ੍ਰਧਾਨ ਸੁਨੀਤਾ ਧੀਰ ਨੇ ਕਿਹਾ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਵੀ ਇਕ ਔਰਤ ਹੀ ਹੈ, ਇਸ ਲਈ ਮਹਿਬੂਬਾ ਮੁਫਤੀ ਨੂੰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣੀ ਚਾਹੀਦੀ ਹੈ। ਇਕ ਔਰਤ ਦਾ ਦਰਦ ਔਰਤ ਬਾਖੂਬੀ ਸਮਝ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਂਡ ਨੇ ਦੇਸ਼ 'ਚ ਮਹਿਲਾਵਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਦਿਨੋ-ਦਿਨ ਵਧ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਸਮਾਜ 'ਤੇ ਕਲੰਕ ਹਨ। ਮੋਦੀ ਸਰਕਾਰ ਦੇ ਵਿਰੁੱਧ ਵੀ ਜੰਮ ਕੇ ਬੋਲਦਿਆਂ ਸੁਨੀਤਾ ਧੀਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਮੁੜ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕਰ ਦਿੱਤਾ ਹੈ। ਹੱਥਾਂ 'ਚ ਆਸਿਫਾ ਨੂੰ ਇਨਸਾਫ ਦੇਣ ਲਈ ਫੜੇ ਬੈਨਰਾਂ 'ਤੇ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕਿੰਨੇ ਸ਼ਰਮ ਤੇ ਦੁੱਖ ਵਾਲੀ ਗੱਲ ਹੈ ਕਿ ਸਖਤ ਕਾਨੂੰਨ ਬਣਨ ਦੇ ਬਾਵਜੂਦ ਸਾਡੇ ਦੇਸ਼ 'ਚ ਰੋਜ਼ਾਨਾ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਕਾਨੂੰਨ 'ਚ ਵੀ ਕੋਈ ਕਮੀ ਹੈ। ਧੀਆਂ-ਭੈਣਾਂ ਸਮਾਜ ਦੀਆਂ ਸਾਂਝੀਆਂ ਹੁੰਦੀਆਂ ਹਨ ਪਰ ਫਿਰ ਵੀ ਅਜਿਹੀਆਂ ਘਿਨੌਣੀਆਂ ਘਟਨਾਵਾਂ ਹੋ ਰਹੀਆਂ ਹਨ।
 ਉਨ੍ਹਾਂ ਜਗ ਬਾਣੀ ਸਮੂਹ ਵੱਲੋਂ ਜਬਰ-ਜ਼ਨਾਹ ਵਾਸਤੇ ਸਖ਼ਤ ਕਾਨੂੰਨ ਦੀ ਮੰਗ ਨੂੰ ਲੋਕ ਲਹਿਰ ਬਣਾਉਣ ਦੀ ਸ਼ਲਾਘਾ ਕਰਦਿਆਂ ਜਲਦ ਤੋਂ ਜਲਦ ਅਜਿਹੇ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਕਾਨੂੰਨ ਦੀ ਵੀ ਵਕਾਲਤ ਕੀਤੀ ਤਾਂ ਕਿ ਸਾਡੇ ਦੇਸ਼ 'ਚ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਖੌਫ ਹੋਵੇ।  ਇਸ ਮੌਕੇ ਉਰਮਿਲ ਸ਼ਰਮਾ, ਜਯੋਤੀ, ਰਾਧਾ ਰਾਣੀ, ਬਬਲੀ, ਰੇਖਾ ਸ਼ਰਮਾ, ਰਿਤੂ ਬਾਲਾ, ਮਲਕਾ ਸ਼ਰਮਾ, ਸ਼ਾਂਤੀ ਦੇਵੀ, ਪੂਨਮ ਚੱਢਾ, ਅਲਕਾ ਚੱਢਾ, ਸੁਸ਼ਮਾ ਧੀਰ, ਅਭੀ ਗਿੱਲ, ਪੂਨਮ ਟੰਡਨ, ਨਿਰਮਲਾ ਸ਼ਰਮਾ, ਕੁਲਵੰਤ ਕੌਰ, ਬਲਬੀਰ ਕੌਰ, ਹਰਮਿਤਾ ਧੀਰ, ਪਰਮਜੀਤ ਕੌਰ, ਨਿਰਮਲ ਕੌਰ, ਅਮਰਜੀਤ ਕੌਰ ਆਦਿ ਵੀ ਹਾਜ਼ਰ ਸਨ।